ਹੀਟਵੇਵ ’ਚ ਪਾਵਰਕਾਮ ਸਿਸਟਮ ‘ਓਵਰਹੀਟ’, ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਗ ਨੇ ਤੋੜੇ ਰਿਕਾਰਡ; ਮੁਲਾਜ਼ਮਾਂ ਵਲੋਂ ‘ਓਵਰ ਟਾਈਮ’ ਤੋਂ ਇਨਕਾਰ

ਗੁਰਪ੍ਰੀਤ ਸਿੰਘ :- ਅੱਤ ਦੀ ਗਰਮੀ ਤੇ 47 ਡਿਗਰੀ ਸੈਲਸੀਅਸ ਤੋਂ ਪਾਰ ਹੋਏ ਤਾਪਮਾਨ ਤੇ ਵਿਚਾਲੇ ਨੇ ਪੰਜਾਬ ਦੇ ਬਿਜਲੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੀਟਵੇਵ ਵਿਚਾਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐੱਸਪੀਸੀਐੱਲ) ਦਾ ਸਿਸਟਮ ‘ਓਵਰਹੀਟ’ ਹੋ ਗਿਆ। ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ, ਸੂਬੇ ’ਚ ਬਿਜਲੀ ਦੀ ਮੰਗ ਨੇ ਬੁੱਧਵਾਰ ਨੂੰ 14,335 ਮੈਗਾਵਾਟ ਤੱਕ ਪੁੱਜ ਕੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਪਿਛਲੇ ਸਾਲ ਇਸੇ ਦਿਨ ਦੀ ਮੰਗ 14,026 ਮੈਗਾਵਾਟ ਨਾਲੋਂ ਵੀ ਕਿਤੇ ਵੱਧ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮਾਹਰਾਂ ਮੁਤਾਬਕ ਝੋਨੇ ਦੀ ਲਵਾਈ ਸ਼ੁਰੂ ਹੋਣ ’ਤੇ ਇਹ ਮੰਗ 18,000 ਮੈਗਾਵਾਟ ਦੇ ਇਤਿਹਾਸਕ ਪੱਧਰ ਨੂੰ ਵੀ ਪਾਰ ਕਰ ਸਕਦੀ ਹੈ, ਜਦਕਿ ਪਿਛਲੇ ਸਾਲ ਇਹ ਵੱਧ ਤੋਂ ਵੱਧ 17,200 ਮੈਗਾਵਾਟ ਰਹੀ ਸੀ। ਇਸੇ ਵਿਚਾਲੇ ਪਾਵਰ ਗਰਿੱਡਾਂ ’ਤੇ ਲੋਡ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਾਵਰਕਾਮ ਦੇ ਅੰਦਰੂਨੀ ਹਾਲਾਤ ਤੇ ਮੁਲਾਜ਼ਮਾਂ ਦੇ ਫ਼ੈਸਲਿਆਂ ਨੇ ਪਾਵਰ ਸੈਕਟਰ ਨੂੰ ਘੁੰਮਣ ਘੇਰੀ ’ਚ ਪਾ ਦਿੱਤਾ ਹੈ।
ਪਹਿਲੀ ਜੂਨ ਤੋਂ ਸੂਬੇ ਦੇ 13.94 ਲੱਖ ਤੋਂ ਵੱਧ ਟਿਊਬਵੈੱਲ ਚੱਲਣੇ ਸ਼ੁਰੂ ਹੋ ਜਾਣਗੇ। ਸਰਕਾਰ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਲਈ ਇਹ ਝੋਨੇ ਦਾ ਆਖ਼ਰੀ ਮੁੱਖ ਸੀਜ਼ਨ ਹੈ, ਇਸ ਲਈ ਸਿਆਸੀ ਤੇ ਪ੍ਰਸ਼ਾਸਨਿਕ ਤੌਰ ’ਤੇ ਇਹ ਬਿਜਲੀ ਸਪਲਾਈ ਬਰਕਰਾਰ ਰੱਖਣਾ ਸਰਕਾਰ ਲਈ ਨੱਕ ਦਾ ਸਵਾਲ ਬਣਿਆ ਹੋਇਆ ਹੈ। ਪਰ ਮੌਸਮ ਵਿਭਾਗ ਦੇ ਅੰਦਾਜ਼ਿਆਂ ਮੁਤਾਬਕ ਜੇਕਰ ਇਸ ਵਾਰ ਮੌਨਸੂਨ ਆਮ ਨਾਲੋਂ ਘੱਟ ਰਹਿੰਦਾ ਹੈ, ਤਾਂ ਬਿਜਲੀ ਦੇ ਬੁਨਿਆਦੀ ਢਾਂਚੇ ’ਤੇ ਬੋਝ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗਾ।

ਟ੍ਰਾਂਸਫਾਰਮਰਾਂ ’ਤੇ ਵਧਣ ਲੱਗਿਆ ਲੋਡ

ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ’ਚ 25 ਮਈ ਤੱਕ ਭਿਆਨਕ ਲੂ ਦਾ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਨਾ ਹੋਣ ਤੇ ਤਾਪਮਾਨ 47 ਡਿਗਰੀ ਤੱਕ ਪਹੁੰਚਣ ਕਾਰਨ ਏਅਰ ਕੰਡੀਸ਼ਨਰ ਤੇ ਕੂਲਰਾਂ ਦੀ ਵਰਤੋਂ ਲਗਾਤਾਰ ਹੋ ਰਹੀ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਿਰਫ਼ ਪੰਜ ਦਿਨਾਂ ’ਚ ਬਿਜਲੀ ਦੀ ਮੰਗ ‘ਚ ਬੇਮਿਸਾਲ ਤੇਜ਼ੀ ਆਈ ਹੈ। ਬਿਜਲੀ ਦੀ ਮੰਗ ’ਚ ਆਏ ਉਛਾਲ ਕਰ ਕੇ ਪੰਜਾਬ ਦੇ ਕਈ ਇਲਾਕਿਆਂ ’ਚ ਟ੍ਰਾਂਸਫਾਰਮਰਾਂ ਦੇ ਓਵਰਲੋਡ ਤੇ ਹੋਰ ਤਕਨੀਕੀ ਕਾਰਨ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਝਮੱਕੇ ਲੱਗਣੇ ਸ਼ੁਰੂ ਹੋ ਗਏ ਹਨ।

ਬਾਹਰੀ ਖ਼ਰੀਦ ’ਤੇ ਟੇਕ

ਪੰਜਾਬ ਕੋਲ ਇਸ ਵੇਲੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ 15 ’ਚੋਂ 14 ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਅੰਦਰੂਨੀ ਉਤਪਾਦਨ ਸਿਰਫ਼ ਪੰਜ ਹਜ਼ਾਰ ਮੈਗਾਵਾਟ ਦੇ ਕਰੀਬ ਹੋ ਰਿਹਾ ਹੈ। ਲੋੜ ਪੂਰੀ ਕਰਨ ਲਈ ਪਾਵਰਕਾਮ ਨੂੰ ਲਗਭਗ 10,384 ਮੈਗਾਵਾਟ ਬਿਜਲੀ ਬਾਹਰੋਂ ਕੇਂਦਰੀ ਪੂਲ ਤੇ ਹੋਰ ਸੂਬਿਆਂ ਤੋਂ ਲੈਣੀ ਪੈ ਰਹੀ ਹੈ।

ਮੁਲਾਜ਼ਮਾਂ ਵੱਲੋਂ ਭਲਕੇ ਤੋਂ ‘ਓਵਰਟਾਈਮ’ ਬੰਦ

ਬਿਜਲੀ ਸੰਕਟ ਦੇ ਵਿਚਕਾਰ, ਪੀਐੱਸਪੀਸੀਐੱਲ ਮੈਨੇਜਮੈਂਟ ਤੇ ਇੰਜੀਨੀਅਰਾਂ/ਮੁਲਾਜ਼ਮਾਂ ਵਿਚਾਲੇ ਤਣਾਅ ਵਧ ਗਿਆ ਹੈ। ‘ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ’, ‘ਬਿਜਲੀ ਮੁਲਾਜ਼ਮ ਏਕਤਾ ਮੰਚ’ ਤੇ ‘ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼’ ਸਣੇ ਕਈ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਉਹ 21 ਮਈ ਵੀਰਵਾਰ ਤੋਂ ਆਪਣਾ ‘ਵਰਕ-ਟੂ-ਰੂਲ’ ਅੰਦੋਲਨ ਦੁਬਾਰਾ ਸ਼ੁਰੂ ਕਰ ਰਹੇ ਹਨ। ਮੁਲਾਜ਼ਮਾਂ ਦਾ ਦੋਸ਼ ਹੈ ਕਿ 30 ਅਪ੍ਰੈਲ ਦੀ ਮੀਟਿੰਗ ’ਚ ਤੈਅ ਹੋਏ ਸਮਝੌਤਿਆਂ ਨੂੰ ਮੈਨੇਜਮੈਂਟ ਨੇ ਲਾਗੂ ਨਹੀਂ ਕੀਤਾ। ਜੇਕਰ ਗਰਮੀ ਦੇ ਇਸ ਪੀਕ ਸੀਜ਼ਨ ’ਚ ਮੁਲਾਜ਼ਮਾਂ ਨੇ ਤੈਅ ਡਿਊਟੀ ਦੇ ਘੰਟਿਆਂ ਤੋਂ ਬਾਅਦ ਓਵਰਟਾਈਮ ਕੰਮ ਨਾ ਕੀਤਾ, ਤਾਂ ਰਾਤ ਵੇਲੇ ਟ੍ਰਾਂਸਫਾਰਮਰ ਸੜਨ ਜਾਂ ਲਾਈਨਾਂ ’ਚ ਫਾਲਟ ਪੈਣ ’ਤੇ ਬਿਜਲੀ ਸਪਲਾਈ ਬਹਾਲ ਹੋਣ ’ਚ ਕਈ-ਕਈ ਘੰਟੇ ਲੱਗ ਸਕਦੇ ਹਨ।

ਦਿਨ : ਬਿਜਲੀ ਮੰਗ

15 ਮਈ: 10,982 ਮੈਗਾਵਾਟ

16 ਮਈ: 12,604 ਮੈਗਾਵਾਟ

18 ਮਈ: 13,712 ਮੈਗਾਵਾਟ

19 ਮਈ: 14,054 ਮੈਗਾਵਾਟ

20 ਮਈ: 14,335 ਮੈਗਾਵਾਟ

By Gurpreet Singh

Leave a Reply

Your email address will not be published. Required fields are marked *