ਪਾਵਰਕਾਮ ਦਾ ਵੱਡਾ ਐਕਸ਼ਨ: ਬਿਜਲੀ ਚੋਰੀ ਕਰਦੇ ਫੜੇ ਗਏ ਸਾਬਕਾ ਕੌਂਸਲਰ, ਬਿੱਲ ਨਾ ਦੇਣ ’ਤੇ ਕੱਟਿਆ ਸੀ ਕਨੈਕਸ਼ਨ

ਗੁਰਪ੍ਰੀਤ ਸਿੰਘ :- ਪਾਵਰਕਾਮ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕਰਨ ਵਾਲਿਆਂ ਅਤੇ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਕੜਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਤਹਿਤ ਵਿਭਾਗ ਦੀਆਂ ਟੀਮਾਂ ਲਗਾਤਾਰ ਚੈਕਿੰਗ ਮੁਹਿੰਮ ਚਲਾ ਰਹੀਆਂ ਹਨ ਅਤੇ ਡਿਫਾਲਟ ਅਮਾਊਂਟ ਦੀ ਰਿਕਵਰੀ ਅਤੇ ਬਿਜਲੀ ਚੋਰੀ ’ਤੇ ਲਗਾਮ ਲਗਾਉਣ ਲਈ ਕਾਰਜਸ਼ੀਲ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਗੜ੍ਹੀ ਗੇਟ ਮੁਹੱਲੇ ’ਚ ਸਥਿਤ ਇਕ ਘਰ ਦੇ ਮਾਲਕ, ਜੋ ਕਿ ਸਾਬਕਾ ਕੌਂਸਲਰ ਅਨਮੋਲ ਜੈਨ ਦਾ ਘਰ ਹੈ। ਉਨ੍ਹਾਂ ਦੁਆਰਾ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕੀਤੇ ਜਾਣ ’ਤੇ ਉਸ ਦਾ ਮੀਟਰ ਕੱਟ ਦਿੱਤਾ ਗਿਆ ਸੀ ਪਰ ਉਕਤ ਵਿਅਕਤੀ ਵੱਲੋਂ ਬਿਜਲੀ ਦਾ ਬਿੱਲ ਜਮ੍ਹਾ ਕਰਵਾ ਕੇ ਮੀਟਰ ਬਹਾਲ ਕਰਵਾਉਣ ਦੀ ਬਜਾਏ ਬਿਜਲੀ ਦੀ ਕੁੰਡੀ ਪਾ ਲਈ ਸੀ। ਇਸ ਦੀ ਜਾਣਕਾਰੀ ਵਿਭਾਗ ਨੂੰ ਮਿਲਣ ‘ਤੇ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕੁੰਡੀ ਨੂੰ ਕੱਟਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧ ’ਚ ਵਿਭਾਗ ਦੇ ਐੱਸ. ਡੀ. ਓ. ਵਿਕਰਾਂਤ ਜੋਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਦੇ ਇਸ ਸਬੰਧੀ ਸਖ਼ਤ ਨਿਰਦੇਸ਼ ਹਨ ਕਿ ਡਿਫਾਲਟਰਾਂ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਾ ਜਾਵੇ। ਇਸ ਦੇ ਚਲਦਿਆਂ ਆਗਾਮੀ ਦਿਨਾਂ ’ਚ ਵੀ ਚੈਕਿੰਗ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ, ਤਾਂ ਜੋ ਅਗਲੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਸਕੇ।

By Gurpreet Singh

Leave a Reply

Your email address will not be published. Required fields are marked *