ਮੁੰਬਈ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ਤੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਉਨ੍ਹਾਂ ਦੀ ਬਾਲੀਵੁੱਡ ਫਿਲਮ ‘ਬਾਰਡਰ 2’ ਤੋਂ ਵੀ ਕੱਢੇ ਜਾਣ ਦੀ ਗੱਲ ਚਲ ਰਹੀ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਬਾਰਡਰ 2 ਦੇ ਨਿਰਮਾਤਾ ਦਿਲਜੀਤ ਦੀ ਥਾਂ ‘Bad Newz’ ਅਦਾਕਾਰ ਐਮੀ ਵਿਰਕ ਨੂੰ ਲੈਣ ‘ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਐਮੀ ਅਤੇ ਦਿਲਜੀਤ ਦੋਵਾਂ ਦੀ ਟੀਮ ਵਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਸਨੀ ਦਿਓਲ ਅਤੇ ਅਹਾਨ ਸ਼ੈੱਟੀ ਦੇ ਨਾਲ ਪੂਣੇ ਵਿੱਚ ‘ਬਾਰਡਰ 2’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਪਰ ਸਿਰਫ 3-4 ਸੀਨ ਹੀ ਸ਼ੂਟ ਹੋਏ ਸਨ, ਜਿਸ ਕਾਰਨ ਮੈਕਰਜ਼ ਨੂੰ ਉਹਨਾਂ ਦੇ ਸੀਨ ਰੀਸ਼ੂਟ ਕਰਨ ਵਿੱਚ ਕੋਈ ਵੱਡੀ ਰੁਕਾਵਟ ਨਹੀਂ ਹੋਵੇਗੀ।
FWICE ਨੇ ਲਿਖੀ ਚਿੱਠੀ
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੋਈਜ਼ (FWICE) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਕੇਂਦਰੀ ਮੰਤਰੀਆਂ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ – ਜਿਸ ਵਿੱਚ ਦਿਲਜੀਤ ਅਤੇ ਫਿਲਮ ਦੀ ਟੀਮ ਦੇ ਪਾਸਪੋਰਟ ਰੱਦ ਕਰਨ ਅਤੇ ਇੱਥੋਂ ਤੱਕ ਕਿ ਭਾਰਤੀ ਨਾਗਰਿਕਤਾ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਨੇ ‘ਬਾਰਡਰ 2’ ਦੇ ਨਿਰਮਾਤਾਵਾਂ ਨੂੰ ਦੇਸ਼ ਭਗਤੀ ਵਾਲੀ ਫਿਲਮ ਵਿੱਚ ਦਿਲਜੀਤ ਨੂੰ ਰੀਪਲੇਸ ਕਰਨ ਦੀ ਅਪੀਲ ਕੀਤੀ।
ਐਮੀ ਅਤੇ ਦਿਲਜੀਤ ਦੋਵਾਂ ਦੀ ਟੀਮ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ
ਇਸ ਤਣਾਅ ਦੇ ਵਿਚਕਾਰ ਐਮੀ ਵਿਰਕ ਨੂੰ ਮੁੱਖ ਚਿਹਰੇ ਵਜੋਂ ਲਿਆ ਜਾ ਸਕਦਾ ਹੈ। ਹਾਲਾਂਕਿ ਐਮੀ ਅਤੇ ਦਿਲਜੀਤ ਦੋਵਾਂ ਦੀ ਟੀਮ ਵਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ, ਪਰ ਸੂਤਰਾਂ ਦੇ ਅਨੁਸਾਰ ਮਾਮਲਾ ਨਿਰਮਾਤਾਵਾਂ ਦੀ ਮੀਟਿੰਗ ਵਿੱਚ ਚੱਲ ਰਿਹਾ ਹੈ।