ਗੁਰਪ੍ਰੀਤ ਸਿੰਘ :- ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜੋ ਜੇਲ੍ਹ ਪ੍ਰਸ਼ਾਸਨ ਲਈ ਨਵੀਂ ਮੁਸੀਬਤ ਬਣ ਗਈ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵੱਧ ਹੈ। ਪੰਜਾਬ ਦੀਆਂ ਕੁੱਲ 25 ਜੇਲ੍ਹਾਂ ਵਿੱਚ ਕੈਦੀਆਂ ਤੇ ਬੰਦੀਆਂ ਨੂੰ ਰੱਖਣ ਦੀ ਸਮਰੱਥਾ 26 ਹਜ਼ਾਰ ਦੇ ਕਰੀਬ ਹੈ; ਇਸ ਸਮੇਂ ਜੇਲ੍ਹਾਂ ਵਿੱਚ ਇਨ੍ਹਾਂ ਦੀ ਗਿਣਤੀ 34 ਹਜ਼ਾਰ ਦੇ ਕਰੀਬ ਹੈ, ਜੋ ਸਮਰੱਥਾ ਨਾਲੋਂ 30 ਫ਼ੀਸਦ ਵੱਧ ਹੈ। ਪੰਜਾਬ ਸਰਕਾਰ ਜੇਲ੍ਹਾਂ ਵਿੱਚ ਭੀੜ ਵਧਣ ਦਾ ਕਾਰਨ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਮੰਨ ਰਹੀ ਹੈ। ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਬੰਦੀਆਂ ਵਿੱਚੋਂ 45 ਫ਼ੀਸਦ ਨਸ਼ਾ ਤਸਕਰੀ ਮਾਮਲਿਆਂ ਨਾਲ ਸਬੰਧਤ ਹਨ।
ਪੰਜਾਬ ਦੀ ਕੇਂਦਰੀ ਜੇਲ੍ਹ ਲੁਧਿਆਣਾ ਅਤੇ ਕਪੂਰਥਲਾ ਵਿੱਚ ਬੰਦੀਆਂ ਤੇ ਕੈਦੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਦੋਵਾਂ ਜੇਲ੍ਹਾਂ ਵਿੱਚ 4 ਹਜ਼ਾਰ ਦੇ ਕਰੀਬ ਬੰਦੀ ਦੇ ਕੈਦੀ ਬੰਦ ਹਨ। ਪੰਜਾਬ ਸਰਕਾਰ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀਆਂ ਤੇ ਕੈਦੀਆਂ ਦੇ ਸੁਧਾਰ ਲਈ ਯਤਨਸ਼ੀਲ ਹੈ, ਪਰ ਵਧਦੀ ਗਿਣਤੀ ਕਰ ਕੇ ਸਕੀਮਾਂ ਵੀ ਸਿਰੇ ਨਹੀਂ ਚੜ੍ਹ ਪਾਉਂਦੀਆਂ।
ਪੰਜਾਬ ਸਰਕਾਰ ਜੇਲ੍ਹਾਂ ਵਿੱਚ ਮੋਬਾਈਲ ਫੋਨ ਤੇ ਹੋਰ ਗ਼ੈਰ-ਸਮਾਜਿਕ ਸਰਗਰਮੀਆਂ ’ਤੇ ਨੱਥ ਪਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕਰਦੀ ਹੈ, ਪਰ ਕੁੱਲ 25 ਜੇਲ੍ਹਾਂ ’ਚੋਂ ਸਿਰਫ਼ ਦੋ ਵਿੱਚ ਹੀ 5 ਜੀ ਸਿਸਟਮ ਸਥਾਪਤ ਕੀਤਾ ਜਾ ਸਕਿਆ ਹੈ।
ਜੇਲ੍ਹਾਂ ਦੀ ਸਮਰੱਥਾ ਵਧਾਉਣ ਲਈ ਕੰਮ ਜਾਰੀ: ਜੇਲ੍ਹ ਮੰਤਰੀ
ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਦੀ ਸਮਰੱਥਾ ਵਧਾਉਣ ’ਤੇ ਕੰਮ ਕਰ ਰਹੀ ਹੈ। ਲੁਧਿਆਣਾ ਵਿੱਚ ਨਵੀਂ ਜੇਲ੍ਹ ਜਲਦ ਹੀ ਤਿਆਰ ਹੋ ਜਾਵੇਗੀ। ਜੇਲ੍ਹਾਂ ਵਿੱਚ ਮੋਬਾਈਲ ਫੋਨ ਦੀ ਰੋਕਥਾਮ ਲਈ ਆਧੁਨਿਕ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ। ਪੰਜਾਬ ਜੇਲ੍ਹਾਂ ਤੇ ਸੁਧਾਰ ਸੇਵਾਵਾਂ ਬਿੱਲ 2026 ਰਾਹੀਂ ਜੇਲ੍ਹਾਂ ਨੂੰ ਸਿਰਫ ਸਜ਼ਾ ਲਈ ਨਹੀਂ, ਬਲਕਿ ਸੁਧਾਰ ਘਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਜੇਲ੍ਹਾਂ ਦੀ ਸੁਰੱਖਿਆ ਲਈ 6 ਸਨਾਈਫਰ ਡੌਗਜ਼ ਨੂੰ ਵਿਸ਼ੇਸ਼ ਟਰੇਨਿੰਗ ਲਈ ਮੱਧ ਪ੍ਰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਲਈ 6 ਸਨਾਈਫਰ ਡੌਗਜ਼ ਨੂੰ ਵਿਸ਼ੇਸ਼ ਤੌਰ ’ਤੇ ਟਰੈਨਿੰਗ ਦਿੱਤੀ ਜਾ ਰਹੀ ਹੈ। ਜਿਨ੍ਹਾਂ ਵੱਲੋਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਸਨਾਈਫਰ ਕੁੱਤਿਆਂ ਨੂੰ ਟਰੇਨਿੰਗ ਲਈ ਮੱਧ ਪ੍ਰਦੇਸ਼ (ਐੱਮ ਪੀ) ਭੇਜਿਆ ਗਿਆ ਹੈ, ਜਿੱਥੋਂ ਉਹ ਜੂਨ ਜਾਂ ਜੁਲਾਈ ਮਹੀਨੇ ਵਿੱਚ ਵਾਪਸ ਆਉਣਗੇ। ਇਨ੍ਹਾਂ ਸਨਾਈਫਰ ਡੌਗਜ਼ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
