ਨੈਸ਼ਨਲ ਟਾਈਮਜ਼ ਬਿਊਰੋ :- ਅਕਾਲ ਤਖ਼ਤ ਦੇ ਨਵੇਂ ਜੱਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਪੰਥਕ ਪੱਧਰ ‘ਤੇ ਭਾਰੀ ਰੋਸ ਪੈਦਾ ਹੋ ਗਿਆ ਹੈ। ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਵਜੋਂ ਰਾਤ ਦੇ ਢਾਈ ਵਜੇ ਨਿਯੁਕਤ ਕੀਤਾ ਗਿਆ, ਜਿਸ ‘ਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ।
ਗਿਆਨੀ ਰਘੁਬੀਰ ਸਿੰਘ ਨੇ ਦਿੱਤੀ ਜਨਤਕ ਜਾਣਕਾਰੀ ਤੇ ਜਤਾਇਆ ਰੋਸ਼
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਨੇ ਇਸ ਨਿਯੁਕਤੀ ਨੂੰ “ਗੁਰੂ ਮਰਿਯਾਦਾ ਦੀ ਉਲੰਘਣਾ” ਕਰਾਰ ਦਿੰਦੇ ਹੋਏ ਕਿਹਾ ਕਿ ਇਹ ਚੋਰੀ-ਛੁਪੇ ਕੀਤਾ ਗਿਆ ਫ਼ੈਸਲਾ ਹੈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, “ਜਦੋਂ ਵੀ ਨਵੇਂ ਜੱਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ, ਤਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ‘ਚ, ਕੀਰਤਨ, ਅਰਦਾਸ ਅਤੇ ਪੰਥਕ ਜਥੇਬੰਦੀਆਂ ਦੀ ਹਾਜ਼ਰੀ ਲਾਜ਼ਮੀ ਹੁੰਦੀ ਹੈ। ਪਰ ਇੱਥੇ ਤਾਂ ਗੁਰੂ ਮਰਿਯਾਦਾ ਦੀ ਉਲੰਘਣਾ ਹੋਈ ਹੈ।”ਉਨ੍ਹਾਂ ਨੇ ਹੋਰ ਵਧੇਰੇ ਦਸਤਾਵੇਜ਼ੀ ਪਰੰਪਰਾ ਬਾਰੇ ਦੱਸਦੇ ਹੋਏ ਕਿਹਾ ਕਿ ਤਾਜਪੋਸ਼ੀ ਦੌਰਾਨ ਪਹਿਲੀ ਦਸਤਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਦਿੱਤੀ ਜਾਂਦੀ ਹੈ, ਫਿਰ ਚੀਫ਼ ਖ਼ਾਲਸਾ ਦੀਵਾਨ, ਐਸ.ਜੀ.ਪੀ.ਸੀ. ਅਤੇ ਅਕਾਲੀ ਦਲ ਵੱਲੋਂ ਪੱਗਾਂ ਸਜਾਈਆਂ ਜਾਂਦੀਆਂ ਹਨ।
ਇਸ ਨਿਯੁਕਤੀ ਦੀ ਪ੍ਰਕਿਰਿਆ ‘ਤੇ ਸਿੱਖ ਜਥੇਬੰਦੀਆਂ ਨੇ ਵੀ ਰੋਸ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਥ ਦੇ ਸਭ ਤੋਂ ਮਹੱਤਵਪੂਰਨ ਅਹੁਦੇ ਦੀ ਨਿਯੁਕਤੀ ਗੁਪਤ ਤਰੀਕੇ ਨਾਲ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾ ਕਰਨੀ ਅਖ਼ਤਿਆਰੀ ਮਰਿਯਾਦਾ ਦੀ ਨਿਰਲੱਜ ਉਲੰਘਣਾ ਹੈ।ਸੰਗਤਾਂ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ‘ਤੇ ਨਾਰਾਜ਼ਗੀ ਜਤਾਈ ਹੈ, ਤੇ ਹਾਲੇ ਤੱਕ ਨਵੇਂ ਜੱਥੇਦਾਰ ਨੂੰ ਪੰਥ ਵਲੋਂ ਸਵੀਕਾਰ ਨਹੀਂ ਕੀਤਾ ਗਿਆ।
