ਗੁਰਪ੍ਰੀਤ ਸਿੰਘ :- ਮੋਰਿੰਡਾ ਦੇ ਬੱਸ ਸਟੈਂਡ ਵਿਚੋਂ ਇੱਕ ਪੀਆਰਟੀਸੀ ਦੀ ਬੱਸ ਹੀ ਚੋਰੀ ਹੋਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਬੱਸ ਕਟਾਣੀ ਰੋਡ ਉਤੇ ਖੜ੍ਹੀ ਮਿਲ ਗਈ ਹੈ ਪਰ ਬੱਸ ਵਿਚੋਂ ਡੀਜ਼ਲ ਵੀ ਕੱਢ ਲਿਆ ਗਿਆ ਤੇ ਬੱਸ ਦੇ ਤਾਲੇ ਵੀ ਟੁੱਟੇ ਹੋਏ ਹਨ।
ਬੱਸ ਚਾਲਕ ਹਰਦੀਪ ਸਿੰਘ ਨੇ ਕਿਹਾ ਕਿ ਉਹ ਸ਼ਨਿੱਚਰਵਾਰ ਰਾਤ ਪੀਆਰਟੀਸੀ ਚੰਡੀਗੜ੍ਹ ਡੀਪੂ ਦੀ ਬੱਸ ਨੰਬਰ ਪੀ. ਬੀ. 65 ਏ ਕੇ 4954 ਬੱਸ ਸਟੈਂਡ ਵਿੱਚ ਰਾਤੀਂ 8 ਵਜੇ ਖੜ੍ਹੀ ਕਰਕੇ ਗਏ ਸੀ। ਜਦੋਂ ਐਤਵਾਰ ਸਵੇਰੇ ਆ ਕੇ ਦੇਖਿਆ ਤਾਂ ਬੱਸ ਗਾਇਬ ਸੀ। ਉਸਨੇ ਦੱਸਿਆ ਕਿ ਜੀਪੀਐਸ ਤੋਂ ਪਤਾ ਲੱਗਾ ਕਿ ਰਾਤ ਲਗਭਗ 1 ਵਜੇ ਬੱਸ ਚੋਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬੱਸ ਅੱਡੇ ਦੇ ਕੈਮਰੇ ਦੇਖੇ ਗਏ ਤਾਂ ਪਤਾ ਲੱਗਿਆ ਕਿ ਬੱਸ ਅੱਡੇ ਦੇ ਕੈਮਰੇ ਖ਼ਰਾਬ ਹਨ।
ਉਨ੍ਹਾਂ ਬੱਸ ਅੱਡੇ ਵਿੱਚ ਹੋਰ ਵੀ ਪ੍ਰਬੰਧਾਂ ਦੀ ਘਾਟ ਦੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਪੀਆਰਟੀਸੀ ਦੇ ਚੀਫ ਇੰਸਪੈਕਟਰ ਨੰਦ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ ਬੱਸ ਅੱਡੇ ਤੋਂ ਪੀਆਰਟੀਸੀ ਦੀ ਬੱਸ ਚੋਰੀ ਹੋ ਗਈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਪੁਲਿਸ ਸੀਸੀਟੀਟੀਵੀ ਕੈਮਰੇ ਖੰਗਾਲ ਕੇ ਬੱਸ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਮੋਰਿੰਡਾ ਬੱਸ ਅੱਡੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖਰਾਬ ਹਨ।
