ਗੁਰਦਾਸਪੁਰ : ਗੁਰਦਾਸਪੁਰ ਦੇ ਇਕ ਪਿੰਡ ਵਿਚ ਬੱਚਿਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਦੋ ਨੌਜਵਾਨਾਂ ‘ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ਦੌਰਾਨ ਇਕ ਨੌਜਵਾਨ ਨੂੰ ਤਿੰਨ ਗੋਲੀਆਂ ਲੱਗੀਆਂ ਜਦਕਿ ਦੂਜੇ ਦੇ ਪੈਰ ਵਿਚ ਗੋਲੀ ਵੱਜੀ। ਦੋਵੇਂ ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਦੇਵੀਦਾਸ ਘੋੜਾ (ਹਲਕਾ ਕਾਦੀਆਂ, ਥਾਣਾ ਧਾਰੀਵਾਲ) ਅਤੇ ਸਟੀਫਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਦੀ ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ਵਿਚ ਤੂੰ-ਤੂੰ ਮੈਂ-ਮੈਂ ਹੋਈ ਸੀ, ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਬੈਠ ਕੇ ਸੁਲਝਾ ਲਿਆ ਸੀ।
ਦੂਸਰੀ ਧਿਰ ਵੱਲੋਂ ਬਾਅਦ ਵਿਚ ਬਾਹਰੋਂ ਕੁਝ ਅਣਪਛਾਤੇ ਲੋਕਾਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਸੁਖਦੇਵ ਸਿੰਘ ਨੂੰ ਦੋ ਗੋਲੀਆਂ ਪਿੱਠ ਵਿਚ ਅਤੇ ਇੱਕ ਛਾਤੀ ਨੇੜੇ ਵੱਜੀ, ਜਦਕਿ ਸਟੀਫਨ ਦੇ ਪੈਰ ਵਿਚ ਗੋਲੀ ਲੱਗੀ। ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ ਹੈ। ਡਾਕਟਰਾਂ ਮੁਤਾਬਕ ਦੋਵਾਂ ਦਾ ਇਲਾਜ ਜਾਰੀ ਹੈ ਅਤੇ ਹਾਲਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਸਬੰਧੀ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਨੇ ਫੋਨ ‘ਤੇ ਦੱਸਿਆ ਕਿ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਵਿਚ ਅਮਨ-ਕਾਨੂੰਨ ਕਾਇਮ ਰੱਖਣ ਲਈ ਪੁਲਸ ਵਚਨਬੱਧ ਹੈ
