ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਨੇ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਵਿਸਕਾਨਸਿਨ ਜਾਣਾ ਸੀ, ਜਿੱਥੇ ABS ਗਲੋਬਲ ਲੈਬ ਦਾ ਦੌਰਾ ਕਰਨਾ ਸੀ। ਇਹ ਦੌਰਾ ਪੰਜਾਬ ਦੇ ਡੇਅਰੀ ਕਿਸਾਨਾਂ ਲਈ ਲਿੰਗੀ ਵੀਰਜ (sexed semen) ਖਰੀਦਣ ਅਤੇ ਇੱਕ ਨਵਾਂ ਸਮਝੌਤਾ ਕਰਨ ਲਈ ਹੋਣਾ ਸੀ।l
ਗੁਰਮੀਤ ਖੁੱਡੀਆਂ ਨੇ ਮਾਰਚ ਦੇ ਪਹਿਲੇ ਹਫ਼ਤੇ ਵਿਦੇਸ਼ ਮੰਤਰਾਲੇ ਨੂੰ ਦੌਰੇ ਦੀ ਇਜਾਜ਼ਤ ਮੰਗਣ ਲਈ ਪੱਤਰ ਲਿਖਿਆ ਸੀ, ਪਰ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ। ਇਹ ਯਾਤਰਾ ਪੰਜਾਬ ਵਿੱਚ ਡੇਅਰੀ ਉਤਪਾਦਨ ਵਧਾਉਣ ਅਤੇ ਗਾਵਾਂ ਦੀ ਨਵੀਨਤਮ ਨਸਲ ਲਿਆਉਣ ਲਈ ਮਹੱਤਵਪੂਰਨ ਸੀ, ਪਰ ਹੁਣ ਇਸ ’ਚ ਦੇਰੀ ਹੋ ਸਕਦੀ ਹੈ। ABS ਗਲੋਬਲ, ਜੋ ਕਿ ਦੁਨੀਆ ਭਰ ਵਿੱਚ ਲਿੰਗੀ ਵੀਰਜ ਪ੍ਰਦਾਨ ਕਰਦੀ ਹੈ, ਪੰਜਾਬ ‘ਚ ਇੱਕ ਨਵੀਂ ਲੈਬ ਖੋਲ੍ਹਣ ਦੀ ਯੋਜਨਾ ਬਣਾ ਰਹੀ ਸੀ। ਪੰਜਾਬ ‘ਚ 30 ਲੱਖ ਗਾਵਾਂ ਵਿੱਚ ਨਕਲੀ ਗਰਭਧਾਰਨ (Artificial Insemination) ਦੀ ਵਰਤੋਂ ਹੁੰਦੀ ਹੈ, ਪਰ ਲਿੰਗੀ ਵੀਰਜ ਸਿਰਫ 1.5-1.75 ਲੱਖ ਗਾਵਾਂ ਲਈ ਉਪਲਬਧ ਹੈ। ਮੰਤਰੀ ਖੁੱਡੀਆਂ ਇਸ ਲੈਬ ਨੂੰ ਲੈ ਕੇ ਇੱਕ ਮਹੱਤਵਪੂਰਨ ਕਰਾਰ ਕਰਨਾ ਚਾਹੁੰਦੇ ਸਨ, ਪਰ ਹੁਣ ਇਹ ਯੋਜਨਾ ਅਟਕ ਸਕਦੀ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਆਮ ਆਦਮੀ ਪਾਰਟੀ (AAP) ਦੀ ਸਰਕਾਰ ਦੇ ਮੰਤਰੀ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਵਿੱਚ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣ ਦੀ ਵੀ ਇਜਾਜ਼ਤ ਨਹੀਂ ਮਿਲੀ ਸੀ। ਕੇਂਦਰ ਨੇ ਕਿਹਾ ਕਿ ਉਹ ਦੌਰਾ ਪੰਜਾਬ ਦੇ ਵਿਕਾਸ ਨਾਲ ਸਬੰਧਤ ਨਹੀਂ ਸੀ, ਇਸ ਲਈ ਰੱਦ ਕੀਤਾ ਗਿਆ।ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਸਰਕਾਰ ਅਗਲੇ ਕਦਮ ਕੀਹਣੇ ਚੁਣਦੀ ਹੈ!
