Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼

ਜਲੰਧਰ –ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਧਾਂਦਲੀ ਦੀ ਜਾਂਚ ਤੋਂ ਬਾਅਦ ਨਾਰਥ ਹਲਕੇ ਦੇ ਕੌਂਸਲਰ ਪਤੀ ਦੀ ਇਕ ਆਡੀਓ ਦੀ ਚਰਚਾ ਖ਼ਤਮ ਨਹੀਂ ਹੋਈ ਸੀ ਕਿ ਉਨ੍ਹਾਂ ਦੀ ਗੱਲਬਾਤ ਦੀ ਦੂਜੀ ਆਡੀਓ ਵੀ ਵਾਇਰਲ ਹੋ ਗਈ। ਲੋਕ ਆਡੀਓ ਸੁਣ ਕੇ ਸਿੱਧੇ ਤੌਰ ’ਤੇ ਕੌਂਸਲਰ ਪਤੀ ਦੀ ਆਵਾਜ਼ ਦੱਸ ਰਹੇ ਹਨ। ‘ਜਗ ਬਾਣੀ’ ਨੂੰ ਫੋਨ ਕਰਕੇ ਲੋਕ ਘਰਾਂ ਦੀ ਨਿਸ਼ਾਨਦੇਹੀ ਕਰਵਾ ਰਹੇ ਹਨ, ਜੋ ਪੱਕੇ ਸਨ ਪਰ ਉਨ੍ਹਾਂ ਮਕਾਨਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਦੱਸ ਕੇ ਨਾਜਾਇਜ਼ ਤਰੀਕੇ ਨਾਲ ਫੰਡ ਰਿਲੀਜ਼ ਕਰਵਾ ਲਏ ਗਏ।

ਕਈ ਘਰ ਅਜਿਹੇ ਹਨ, ਜਿਨ੍ਹਾਂ ਦੇ ਫੰਡ ਪਾਸ ਹੋਏ ਪਰ ਉਨ੍ਹਾਂ ਘਰਾਂ ਨੂੰ ਵੇਚ ਕੇ ਉਹ ਲੋਕ ਕਿਤੇ ਹੋਰ ਸ਼ਿਫਟ ਹੋ ਗਏ। ਵਾਇਰਲ ਹੋਈ ਦੂਜੀ ਆਡੀਓ ਵੀ ਉਸੇ ਬਜ਼ੁਰਗ ਦੀ ਹੈ, ਜੋ ਪਹਿਲੀ ਆਡੀਓ ਵਿਚ ਗੱਲ ਕਰ ਰਿਹਾ ਹੈ। ਇਸ ਆਡੀਓ ਵਿਚ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ 30 ਹਜ਼ਾਰ ਰੁਪਏ ਹਨ, ਉਹ ਹੁਣੇ ਪਹੁੰਚਾ ਦਿੰਦਾ ਹਾਂ ਅਤੇ ਬਾਕੀ ਦੇ ਪੈਸੇ ਸ਼ਾਮ ਨੂੰ ਘਰ ਪਹੁੰਚਾ ਦੇਵਾਂਗਾ। ਇਸ ਤੋਂ ਬਾਅਦ ਕੌਂਸਲਰ ਪਤੀ ਨੇ ਕਿਹਾ ਕਿ ਕੋਈ ਗੱਲ ਨਹੀਂ, ਸ਼ਾਮ ਨੂੰ ਹੀ ਇਕੱਠੇ ਦੇ ਦੇਣਾ।

ਇਸ ਤੋਂ ਬਾਅਦ ਬਜ਼ੁਰਗ ਨੇ ਕਿਹਾ ਕਿ 1.12 ਲੱਖ ਰੁਪਏ ਆ ਚੁੱਕੇ ਹਨ, 65 ਹਜ਼ਾਰ ਰੁਪਏ ਕਦੋਂ ਆਉਣਗੇ। ਜਵਾਬ ਵਿਚ ਕੌਂਸਲਰ ਪਤੀ ਨੇ ਕਿਹਾ ਕਿ ਤੁਸੀਂ ਸ਼ਾਮ ਨੂੰ ਆ ਜਾਣਾ, ਸਾਰੀ ਗੱਲ ਕਲੀਅਰ ਕਰ ਦੇਵਾਂਗਾ। ਇਹ ਕਹਿ ਕੇ ਕੌਂਸਲਰ ਪਤੀ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਦੀ ਵਾਇਰਲ ਆਡੀਓ ‘ਜਗ ਬਾਣੀ’ ਦੇ ਬੁੱਧਵਾਰ ਦੇ ਅੰਕ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੌਂਸਲਰ ਪਤੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਫਰਜ਼ੀ ਫਾਈਲਾਂ ਤਿਆਰ ਕਰਵਾ ਕੇ ਉਨ੍ਹਾਂ ਲੋਕਾਂ ਨੂੰ ਫੰਡ ਜਾਰੀ ਕਰਵਾ ਦਿੱਤੇ, ਜਿਨ੍ਹਾਂ ਨੂੰ ਲੋੜ ਨਹੀਂ ਸੀ। ਇਸ ਦੇ ਬਦਲੇ ਕੌਂਸਲਰ ਪਤੀ ਨੇ ਪ੍ਰਤੀ ਫੰਡ 50 ਤੋਂ 70 ਹਜ਼ਾਰ ਰੁਪਏ ਲਏ। ਕਈ ਘਰ ਤਾਂ ਅਜਿਹੇ ਹਨ, ਜਿਨ੍ਹਾਂ ਨੂੰ 2 ਵਾਰ ਫੰਡ ਜਾਰੀ ਕਰਵਾ ਦਿੱਤੇ ਗਏ ਸਨ, ਹਾਲਾਂਕਿ ਵਿਜੀਲੈਂਸ ਦੀ ਟੀਮ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਜਲਦ ਹੀ ਕੌਂਸਲਰ ਪਤੀ ’ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ।

ਵਿਜੀਲੈਂਸ ਨੇ ਨਿਗਮ ਦੇ 2 ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ
ਬੁੱਧਵਾਰ ਦੇ ਅੰਕ ਵਿਚ ਕੌਂਸਲਰ ਪਤੀ ਦੀ ਵਾਇਰਲ ਆਡੀਓ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਬੁੱਧਵਾਰ ਨੂੰ ਨਗਰ ਨਿਗਮ ਦੇ 2 ਅਧਿਕਾਰੀਆਂ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਘੰਟਿਆਂ ਤਕ ਗੱਲਬਾਤ ਹੋਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ, ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨਾਂ ਵਿਚ ਕੀ ਕਿਹਾ, ਇਸ ਦਾ ਹਾਲੇ ਖ਼ੁਲਾਸਾ ਨਹੀਂ ਹੋਇਆ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਈ ਕਰੋੜਾਂ ਦੀ ਧਾਂਦਲੀ ਤੋਂ ਹੁਣ ਪਰਦਾ ਉੱਠਣਾ ਤੈਅ ਹੈ।

By Gurpreet Singh

Leave a Reply

Your email address will not be published. Required fields are marked *