ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਥਲੋਰ ਰਾਵੀ ਪੁਲ ਦਾ ਦੌਰਾ ਕਰਕੇ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ

ਪਠਾਨਕੋਟ, 9 ਸਤੰਬਰ – ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੇ ਕਸਬੇ ਕਥਲੋਰ ਵਿੱਚ ਰਾਵੀ ਪੁਲ ਦਾ ਦੌਰਾ ਕਰਕੇ ਹੜ੍ਹਾਂ ਨਾਲ ਪੈਦਾ ਹੋਈ ਸਥਿਤੀ ਦਾ ਵਿਸਤ੍ਰਿਤ ਜਾਇਜ਼ਾ ਲਿਆ। ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਆਏ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਪੀਕਰ ਸੰਧਵਾ ਨੇ ਮੌਕੇ ‘ਤੇ ਹੀ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਦੁੱਖ-ਦਰਦ ਨੂੰ ਸੁਣਿਆ। ਉਹਨਾਂ ਨੇ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਨੂੰ ਤੇਜ਼ ਕੀਤਾ ਜਾਵੇਗਾ ਅਤੇ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਅਕੇਲਾ ਨਹੀਂ ਛੱਡਿਆ ਜਾਵੇਗਾ।

ਇਸ ਦੌਰਾਨ ਸੰਧਵਾ ਨੇ ਦੇਖਿਆ ਕਿ ਸਮਾਜ ਸੇਵਕ ਸਰਦਾਰ ਬਲਦੇਵ ਸਿੰਘ ਸਿਰਸਾ ਆਪਣੇ ਸਾਥੀਆਂ ਸਮੇਤ ਹੜ੍ਹ-ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵਿੱਚ ਸਰਗਰਮ ਹਨ। ਉਹਨਾਂ ਨੇ ਰਾਹਤ ਸਮੱਗਰੀ ਵੰਡਣ, ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਅਤੇ ਭੋਜਨ ਦੀ ਵਵਸਥਾ ਕਰਨ ਵਰਗੇ ਸੇਵਾ ਕਾਰਜ ਸ਼ੁਰੂ ਕੀਤੇ ਹੋਏ ਹਨ। ਸਪੀਕਰ ਨੇ ਉਨ੍ਹਾਂ ਦੀ ਭਾਵਨਾ ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਜਨ ਸੇਵਕ ਹੀ ਸੰਕਟ ਦੀ ਘੜੀ ‘ਚ ਸਮਾਜ ਲਈ ਮਿਸਾਲ ਬਣਦੇ ਹਨ।

ਸੰਧਵਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੌਕੇ ‘ਤੇ ਹੀ ਮੀਟਿੰਗ ਕੀਤੀ ਅਤੇ ਹਦਾਇਤ ਦਿੱਤੀ ਕਿ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇ। ਉਹਨਾਂ ਨੇ ਸਾਫ਼ ਪਾਣੀ, ਤੁਰੰਤ ਸਿਹਤ ਸੇਵਾਵਾਂ ਅਤੇ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ।

ਉਹਨਾਂ ਨੇ ਕਿਹਾ ਕਿ ਹੜ੍ਹ ਕਾਰਨ ਬਰਬਾਦ ਹੋਏ ਖੇਤਾਂ, ਟੁੱਟੀਆਂ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਲਈ ਖਾਸ ਪੈਕੇਜ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਸਪੀਕਰ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮੁਸ਼ਕਲ ਘੜੀ ‘ਚ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵਕ ਮਿਲ ਕੇ ਲੋਕਾਂ ਦੀ ਹਰੇਕ ਸੰਭਵ ਸਹਾਇਤਾ ਕਰਨਗੇ। ਉਹਨਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਅਪੀਲ ਕੀਤੀ।

By Gurpreet Singh

Leave a Reply

Your email address will not be published. Required fields are marked *