ਪੰਜਾਬ: ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨ ਬਾਰੇ ਨਵੀਂ ਅਪਡੇਟ

ਲੁਧਿਆਣਾ : ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ ਸਾਵਧਾਨ ਹੋ ਜਾਣ। ਨਿਯਮ ਤੋੜਨ ’ਤੇ ਹੁਣ ਕੋਈ ਸਿਫ਼ਾਰਸ਼ ਨਹੀਂ ਚੱਲੇਗੀ ਕਿਉਂਕਿ ਚਲਾਨ ਦੀ ਕਮਾਨ ਹੁਣ ਟ੍ਰੈਫਿਕ ਪੁਲਸ ਦੀ ‘ਤੀਜੀ ਅੱਖ’ (ਸੀ.ਸੀ.ਟੀ.ਵੀ.) ਸੰਭਾਲਣ ਜਾ ਰਹੀ ਹੈ।

ਲੁਧਿਆਣਾ ਪੁਲਸ ਕੈਮਰਿਆਂ ਦੀ ਮਦਦ ਨਾਲ ਨਿਯਮ ਤੋੜਨ ਵਾਲਿਆਂ ਦੇ ਈ-ਚਲਾਨ ਕਰਨ ਦਾ ਟ੍ਰਾਇਲ ਕਰ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੁਲਸ ਵੱਲੋਂ ਕੈਮਰਿਆਂ ਦੀ ਮਦਦ ਨਾਲ ਬਿਨਾਂ ਹੈਲਮਟ, ਰੈੱਡ ਲਾਈਟ ਜੰਪ, ਟ੍ਰਿਪਲ ਰਾਈਡਿੰਗ ਅਤੇ ਰਾਂਗ ਸਾਈਡ ਵਾਹਨ ਚਲਾਉਣ ਵਾਲਿਆਂ ਦੇ ਜ਼ਿਆਦਾ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ, ਪੁਲਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜੇ ਇਸ ਦਾ ਰਸਮੀ ਉਦਘਾਟਨ ਕਰਵਾਇਆ ਜਾਣਾ ਬਾਕੀ ਹੈ, ਜਿਸ ਦੌਰਾਨ ਟ੍ਰਾਇਲ ਵਿਚ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਪਿਛਲੇ ਕਰੀਬ 5 ਸਾਲਾਂ ਤੋਂ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੇ ਕੈਮਰਿਆਂ ਦੀ ਮਦਦ ਨਾਲ ਆਨਲਾਈਨ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਸਿਸਟਮ ਵਿੱਚ ਕੁਝ ਖਾਮੀਆਂ ਸਨ, ਜਿਨ੍ਹਾਂ ਵਿਚ ਹੌਲੀ-ਹੌਲੀ ਸੁਧਾਰ ਕੀਤਾ ਗਿਆ ਹੈ। ਹੁਣ ‘ਸੇਫ਼ ਸਿਟੀ’ ਕੈਮਰਿਆਂ ਨੂੰ ਈ-ਚਲਾਨ ਸਿਸਟਮ ਨਾਲ ਪੂਰੀ ਤਰ੍ਹਾਂ ਜੋੜਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਵਿਸ਼ੇਸ਼ ਤੌਰ ’ਤੇ ਨੰਬਰ ਪਲੇਟ ਰੀਡਿੰਗ ਕੈਮਰੇ ਵੀ ਸਥਾਪਤ ਕੀਤੇ ਗਏ ਹਨ ਅਤੇ ਸਾਫਟਵੇਅਰ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਕੀਤੇ ਜਾਣਗੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਯੋਜਨਾ ਟ੍ਰਾਇਲ ਪੜਾਅ ਵਿਚ ਹੈ ਅਤੇ ਇਸ ਦੇ ਨਤੀਜੇ ਕਾਫ਼ੀ ਸਾਰਥਕ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਸ ਦਾ ਉਦਘਾਟਨ ਕਰਵਾ ਕੇ ਇਸ ਯੋਜਨਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰ ਦਿੱਤਾ ਜਾਵੇਗਾ।

ਚਲਾਨ ’ਚ ਮਨੁੱਖੀ ਦਖ਼ਲ ਨਾ-ਮਾਤਰ

ਇਸ ਸਿਸਟਮ ਦੀ ਖ਼ਾਸ ਗੱਲ ਇਹ ਹੈ ਕਿ ਕੈਮਰਿਆਂ ਦੀ ਮਦਦ ਨਾਲ ਹੋਣ ਵਾਲੇ ਈ-ਚਲਾਨ ਵਿਚ ਮਨੁੱਖੀ ਦਖ਼ਲ ਨਾ-ਮਾਤਰ ਹੋਵੇਗਾ। ਸਾਰਾ ਕੰਮ ਆਟੋਮੈਟਿਕ ਕੈਮਰੇ ਕਰਨਗੇ, ਜੋ ਵਾਹਨ ਦੀ ਨੰਬਰ ਪਲੇਟ ਰੀਡ ਕਰ ਕੇ ਉਲੰਘਣਾ ਦਾ ਚਲਾਨ ਜਨਰੇਟ ਕਰ ਦੇਣਗੇ। ਇਹ ਚਲਾਨ ਵਾਹਨ ਮਾਲਕ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਮੈਸੇਜ ਰਾਹੀਂ ਭੇਜ ਦਿੱਤਾ ਜਾਵੇਗਾ, ਜਿਸ ਵਿਚ ਦਿੱਤੇ ਗਏ ਲਿੰਕ ਰਾਹੀਂ ਚਲਾਨ ਦੀ ਕਾਪੀ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਆਨਲਾਈਨ ਭੁਗਤਾਨ ਵੀ ਕੀਤਾ ਜਾ ਸਕੇਗਾ। ਅਦਾਇਗੀ ਨਾ ਕਰਨ ਦੀ ਸੂਰਤ ਵਿਚ ਇਹ ਚਲਾਨ ਵਾਹਨ ਦੇ ਰਿਕਾਰਡ ਵਿਚ ਦਰਜ ਰਹੇਗਾ।

ਪੱਤਰਕਾਰਾਂ ਦੇ ਵੀ ਹੋਏ ਚਲਾਨ

ਲੁਧਿਆਣਾ ਪੁਲਸ ਦੀ ਇਸ ਵਿਸ਼ੇਸ਼ ਯੋਜਨਾ ਦਾ ਅਸਰ ਪੱਤਰਕਾਰੀ ਨਾਲ ਜੁੜੇ ਲੋਕਾਂ ’ਤੇ ਵੀ ਹੋਇਆ ਹੈ। ਅਜਿਹੇ ਕਈ ਪੱਤਰਕਾਰਾਂ ਦੇ ਬਿਨਾਂ ਹੈਲਮਟ ਚਲਾਨ ਹੋਏ ਹਨ, ਜੋ ਲਗਾਤਾਰ ਸਰਕਾਰੀ ਜਾਂ ਨਿਜੀ ਪ੍ਰੋਗਰਾਮਾਂ ਦੀ ਕਵਰੇਜ ਕਰਦੇ ਹਨ। ਇਸ ਸਬੰਧੀ ਕੁਝ ਪੱਤਰਕਾਰਾਂ ਵਿਚ ਰੋਸ ਵੀ ਪਾਇਆ ਗਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਫੀਲਡ ਵਿਚ ਰਹਿਣ ਕਾਰਨ ਉਹ ਹਰ ਸਮੇਂ ਹੈਲਮਟ ਨਾਲ ਨਹੀਂ ਰੱਖ ਸਕਦੇ।

By Gurpreet Singh

Leave a Reply

Your email address will not be published. Required fields are marked *