ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਵਿਧਾਨ ਸਭਾ ‘ਚ 2,36,080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਵਾਰ ਬਜਟ ਦੀ ਥੀਮ ‘ਬਦਲਦਾ ਪੰਜਾਬ’ ਰੱਖੀ ਗਈ ਹੈ, ਜੋ ਕਿ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੇਖੀ ਜਾ ਰਹੀ ਹੈ। ਬਜਟ ਵਿੱਚ ‘ਡਰੱਗ ਸੈਂਸਸ’ ਅਤੇ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਨਸ਼ਿਆਂ ਵਿਰੁੱਧ ਸਰਕਾਰ ਦਾ ਵੱਡਾ ਐਲਾਨ
ਸੂਬੇ ‘ਚ ‘ਡਰੱਗ ਸੈਂਸਸ’ ਲਈ 150 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜਿਸਦੇ ਜ਼ਰੀਏ ਨਸ਼ਾ ਕਰਨ ਵਾਲਿਆਂ ਅਤੇ ਨਸ਼ਿਆਂ ਦੀ ਸਪਲਾਈ ਦੀ ਨਿਗਰਾਨੀ ਕੀਤੀ ਜਾਵੇਗੀ। ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 110 ਕਰੋੜ ਰੁਪਏ ਦਾ ਵਾਧੂ ਬਜਟ ਰੱਖਿਆ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ “ਸਾਡੀ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਕੇ ਪੰਜਾਬ ਨੂੰ ਮੁੜ ਤੰਦਰੁਸਤ ਤੇ ਖੁਸ਼ਹਾਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”
ਗੈਂਗਸਟਰ ਵਾਦ ਤੇ ਕਰੜਾ ਘੇਰਾ, ਪੁਲਸ ਨੂੰ ਮਿਲਣਗੇ ਆਧੁਨਿਕ ਵਾਹਣ
ਪੰਜਾਬ ਸਰਕਾਰ ਨੇ ਗੈਂਗਸਟਰਾਂ ਅਤੇ ਅਪਰਾਧਕ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਇਮਰਜੈਂਸੀ ਰਿਸਪਾਂਸ ਵਾਹਨ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤਹਿਤ 758 ਚੌਪਹੀਆ ਅਤੇ 916 ਦੋਪਹੀਆ ਵਾਹਨਾਂ ਦੀ ਖਰੀਦ ਲਈ ਬਜਟ ਜਾਰੀ ਕੀਤਾ ਗਿਆ ਹੈ। ਇਹ ਵਾਹਨ ਪੁਲਸ ਬਲਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਗੈਂਗਸਟਰਾਂ ਦੀ ਤੁਰੰਤ ਖ਼ਿਲਾਫ਼ ਕਾਰਵਾਈ ਕਰਨ ਲਈ ਵਰਤੇ ਜਾਣਗੇ।
ਵਿੱਤ ਮੰਤਰੀ ਨੇ ਆਖਿਰ ਵਿੱਚ ਕਿਹਾ ਕਿ “ਪਿਛਲੇ ਕੁਝ ਸਾਲਾਂ ‘ਚ ਪੰਜਾਬ ਨੂੰ ਬੇਹੱਦ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਇਹ ਬਦਲਣ ਜਾ ਰਿਹਾ ਹੈ। ਸਾਡੀ ਸਰਕਾਰ ਪੰਜਾਬ ਨੂੰ ਸੁਖ਼ਾਲੀ, ਨਸ਼ਾ-ਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।”