ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਦੀ ਤਸਕਰੀ ਦਾ ਜ਼ਿੰਮੇਵਾਰ ਠਹਿਰਾਇਆ।
ਚੰਡੀਗੜ੍ਹ ਵਿੱਚ ਇੱਕ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਬਿਨਾਂ ਨਾਮ ਲਏ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਜਿਨ੍ਹਾਂ ਨੇ ਨਸ਼ਿਆਂ ਦੀਆਂ ਤਸਕਰੀਆਂ ਕਰਕੇ ਸਾਡੀਆਂ ਮਾਵਾਂ-ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੀਆਂ ਕਰ ਦਿੱਤੀਆਂ, ਹੁਣ ਉਹ ਰੰਗਲੀ ਜ਼ਿੰਦਗੀ ਨਹੀਂ ਜੀ ਸਕਦੇ।”
ਮੁੱਖ ਮੰਤਰੀ ਨੇ ਤੰਜ ਕੱਸਦਿਆਂ ਅੱਗੇ ਕਿਹਾ, ਐਵੇਂ ਮੁੱਛਾਂ ਨਹੀਂ ਚੱਲਦੀਆਂ। ਅਸੀਂ ਅਜਿਹੇ ਲੋਕਾਂ ਦੀਆਂ ਚੀਕਾਂ ਕੱਢ ਦਿਆਂਗੇ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਇਹ ਬਿਆਨ ਮਜੀਠੀਆ ਦੀ ਹਾਲ ਹੀ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗ੍ਰਿਫਤਾਰੀ ਦੇ ਸੰਦਰਭ ਵਿੱਚ ਸੀ।
ਕੀ ਹੈ ਮਜੀਠੀਆ ਮਾਮਲਾ?
ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਅਤੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਦੋਸ਼ ਹਨ। ਵਿਜੀਲੈਂਸ ਨੇ ਮਜੀਠੀਆ ਦੀਆਂ 26 ਥਾਵਾਂ ‘ਤੇ ਛਾਪੇਮਾਰੀ ਕਰਕੇ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ ਅਤੇ 8 ਡਾਇਰੀਆਂ ਸਮੇਤ ਕਈ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਹਾਲਾਂਕਿ, ਮਜੀਠੀਆ ਦੇ ਵਕੀਲਾਂ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਜਾਂਚ ਵਿੱਚ ਕੋਈ ਫੋਨ ਨਹੀਂ ਮਿਲਿਆ। ਮਜੀਠੀਆ ਇਸ ਸਮੇਂ ਨਾਭਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।