ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੂੰ ਨਵੀਂ ਦਿੱਲੀ ’ਚ 15ਵੇਂ ਭਾਰਤੀ ਅੰਗ ਦਾਨ ਦਿਵਸ ਮੌਕੇ ‘ਅੰਗ ਦਾਨ ਤੇ ਟ੍ਰਾਂਸਪਲਾਂਟੇਸ਼ਨ ਲਈ ਉੱਭਰਦੇ ਸੂਬੇ’ ਦਾ ਵੱਕਾਰੀ ਪੁਰਸਕਾਰ ਹਾਸਲ ਹੋਇਆ। ਇਹ ਵੱਕਾਰੀ ਪੁਰਸਕਾਰ ਸਮਾਰੋਹ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੌਮੀ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐੱਨਓਟੀਟੀਓ) ਨੇ ਕਰਵਾਇਆ, ਜਿਸ ’ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਨੇ ਸ਼ਿਰਕਤ ਕੀਤੀ।
ਇਹ ਪੁਰਸਕਾਰ ਡਾਇਰੈਕਟਰ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਡੀਆਰਐੱਮਈ) ਪੰਜਾਬ ਡਾ. ਅਵਨੀਸ਼ ਕੁਮਾਰ, ਸਟੀਅਰਿੰਗ ਕਮੇਟੀ ਮੈਂਬਰ ਡਾ. ਆਕਾਸ਼ ਦੀਪ ਅਗਰਵਾਲ ਤੇ ਸਟੇਟ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ਐੱਸਓਟੀਟੀਓ) ਪੰਜਾਬ ਦੇ ਨੋਡਲ ਅਫ਼ਸਰ ਡਾ. ਗਗਨੀਨ ਕੌਰ ਸੰਧੂ ਨੇ ਪ੍ਰਾਪਤ ਕੀਤਾ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਿਭਾਗ ਤੇ ਐੱਸਓਟੀਟੀਓ ਟੀਮ ਨੂੰ ਦਿਲੋਂ ਵਧਾਈ ਦਿੱਤੀ। ਇਹ ਮਾਨਤਾ ਜਾਗਰੂਕਤਾ ਫੈਲਾਉਣ, ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਮ੍ਰਿਤਕਾਂ ਦੇ ਅੰਗ ਦਾਨ ਲਈ ਮਹੱਤਵਪੂਰਨ ਪ੍ਰਾਪਤੀ ਲਈ ਪੰਜਾਬ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਉਜਾਗਰ ਕਰਦੀ ਹੈ।