ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਵਿੱਚ ਹਾਈਬ੍ਰਿਡ ਬੀਜਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਅਤੇ ਕਿਸਾਨਾਂ ਨੂੰ ਅਸਲੀ ਬੀਜ ਹੀ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਲਕੇ ਧੂਰੀ ਦੇ ਘਨੌਰੀ ਕਲਾਂ ‘ਚ ਸਕੂਲ ਆਫ਼ ਐਮੀਨੈਂਸ ਦੇ ਇੱਕ ਸਮਾਗਮ ‘ਚ ਸ਼ਾਮਲ ਹੋਣ ਆਏ ਸਨ। ਉਥੇ, ਉਨ੍ਹਾਂ ਨੇ ਸਿੱਖਿਆ ਬਾਰੇ ਗੱਲ ਕੀਤੀ, ਪਰ ਨਾਲ ਹੀ ਝੋਨੇ ਦੀ ਬਿਜਾਈ ਸੰਬੰਧੀ ਵੀ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਬਿਜਾਈ ਦੀ ਸ਼ੁਰੂਆਤ 1 ਜੂਨ ਤੋਂ ਹੋਵੇਗੀ ਅਤੇ 6-7 ਜ਼ਿਲ੍ਹਿਆਂ ਦੇ 4 ਜ਼ੋਨ ਬਣਾਏ ਜਾਣਗੇ, ਜਿਸ ਤਹਿਤ ਵੱਖ-ਵੱਖ ਤਾਰੀਖਾਂ ‘ਤੇ ਝੋਨੇ ਦੀ ਬਿਜਾਈ ਹੋਵੇਗੀ। ਇਸ ਤਰੀਕੇ ਨਾਲ, ਸੀਜ਼ਨ ਲੰਮਾ ਚੱਲੇਗਾ ਅਤੇ ਕਿਸਾਨਾਂ ਨੂੰ ਬਿਹਤਰ ਫ਼ਾਇਦੇ ਮਿਲਣਗੇ।
ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਹਾਈਬ੍ਰਿਡ ਬੀਜਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸਦਾ ਮਤਲਬ ਹੈ ਕਿ ਹੁਣ ਕਿਸਾਨਾਂ ਨੂੰ ਪੀ.ਆਰ. 126, 127, 128 ਅਤੇ 129 ਵਰਗੇ ਸਧਾਰਨ ਪਰ ਉੱਚ ਗੁਣਵੱਤਾ ਵਾਲੇ ਬੀਜ ਹੀ ਦਿੱਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਮਿਆਂ ‘ਚ ਬਿਜਾਈ ਦੇਰੀ ਨਾਲ ਹੋਣ ਕਰਕੇ ਫ਼ਸਲ ਅਕਤੂਬਰ ਤਕ ਪਹੁੰਚਦੀ ਸੀ, ਜਿਸ ਕਰਕੇ ਨਮੀ ਵੱਧ ਜਾਂਦੀ ਸੀ। FCI ਦੇ ਨਿਯਮ ਅਨੁਸਾਰ, ਨਮੀ ਦਾ ਪੱਧਰ 18% ਹੋਣਾ ਚਾਹੀਦਾ ਹੈ, ਪਰ ਅਕਤੂਬਰ ‘ਚ ਇਹ ਵਧ ਜਾਣ ਕਰਕੇ ਕਿਸਾਨ ਮੁਸੀਬਤ ‘ਚ ਆ ਜਾਂਦੇ ਸਨ।ਇਸ ਵਾਰ ਸਰਕਾਰ ਨੇ ਬਿਜਾਈ ਪਹਿਲਾਂ ਕਰਕੇ ਇਹ ਸਮੱਸਿਆ ਹੱਲ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਬਿਜਲੀ ਅਤੇ ਪਾਣੀ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ।
