ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰ ਸਰਕਾਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਦਿੱਤਾ ਹੈ। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਦੇ ਬੋਸਟਨ, ਮੈਸੇਚਿਉਸੇਟਸ ‘ਚ ਆਯੋਜਿਤ ਹੋਣ ਵਾਲੀ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਸ ‘ਚ ਭਾਗ ਲੈਣਾ ਸੀ। ਇਹ ਦੁਨੀਆ ਭਰ ਦੇ ਵਿਧਾਨਕ ਆਗੂਆਂ, ਨੀਤੀ ਮਾਹਿਰਾਂ ਤੇ ਨੀਤੀ ਨਿਰਮਾਤਾਵਾਂ ਦਾ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਸੰਮੇਲਨ ਹੈ।
ਪੰਜਾਬ ਸਰਕਾਰ ਨੂੰ ਵੀਰਵਾਰ ਨੂੰ ਕੇਂਦਰ ਵੱਲੋਂ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਗਿਆ ਕਿ ਮੰਤਰੀ ਨੂੰ ਰਾਜਨੀਤਿਕ ਅਨੁਮਤੀ ਨਹੀਂ ਦਿੱਤੀ ਜਾ ਰਹੀ ਹੈ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਜਾਂ ਸੀਨੀਅਰ ਅਧਿਕਾਰੀ ਨੂੰ ਵਿਦੇਸ਼ ਦੌਰੇ ‘ਤੇ ਜਾਣ ਦੀ ਇਜਾਜ਼ਤ ਕੇਂਦਰ ਵੱਲੋਂ ਨਹੀਂ ਦਿੱਤੀ ਗਈ ਹੈ।
ਸ਼ਾਨਦਾਰ ਯੋਗਦਾਨ ਲਈ ਭੇਜਿਆ ਗਿਆ ਸੀ ਸੱਦਾ- ਪੰਜਾਬ ਸਰਕਾਰ
ਹਰਭਜਨ ਸਿੰਘ ਈਟੀਓ ਨੂੰ ਇਹ ਸੱਦਾ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਸ ਤੇ ਨੈਸ਼ਨਲ ਲੈਜਿਸਲੇਚਰਨ ਕਾਨਫਰੰਸ਼ ਭਾਰਤ ਵੱਲੋਂ ਸੰਯੁਕਤ ਰੂਪ ਵਜੋਂ ਭੇਜਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਸੀ ਕਿ ਇਹ ਸੱਦਾ ਮੰਤਰੀ ਨੂੰ ਸੂਬੇ ‘ਚ ਵਿਧਾਇਕ ਸ਼ਾਸਨ ਤੇ ਲੋਕ ਪ੍ਰਸ਼ਾਸਨ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ।
ਹਰਭਜਨ ਸਿੰਘ ਈਟੀਓ ਨੇ ਇਸ ਸੰਮੇਲਨ ਨੂੰ ਪੰਜਾਬ ਲਈ ਇੱਕ ਮੌਕਾ ਦੱਸਿਆ ਸੀ ਤੇ ਕਿਹਾ ਸੀ ਕਿ ਇਹ ਅੰਤਰਰਾਸ਼ਟਰੀ ਪੱਧਰ ‘ਤੇ ਦੁਨੀਆ ਭਰ ਦੇ ਵਿਧਾਇਕਾਂ ਤੇ ਨੀਤੀ ਨਿਰਮਾਤਾਵਾਂ ਨਾਲ ਜੁੜਨ ਤੇ ਵਿਚਾਰਾਂ ਦੇ ਵਟਾਂਦਰੇ ਦਾ ਮੌਕਾ ਦੇਵੇਗਾ, ਜਿਸ ਨੂੰ ਸੂਬੇ ‘ਚ ਲਾਗੂ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਕੇਂਦਰ ਸਰਕਾਰ ਦੇ ਰਿਸ਼ਤੀਆਂ ਨੂੰ ਲੈ ਕੇ ਚਰਚਾ
ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਸ ਸੰਮੇਲਨ ‘ਚ ਵਿਧਾਇਕੀ ਪ੍ਰਕਿਰਿਆ, ਪ੍ਰਸ਼ਾਸਨ ਤੇ ਨੀਤੀਆਂ ‘ਚ ਚਰਚਾ ਲਈ ਦੁਨੀਆ ਦੇ ਸਭ ਤੋਂ ਵੱਡੀਆਂ ਮੰਚਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੰਮਲੇਨ ਦੁਨੀਆ ਭਰ ਦੇ ਲੋਕ ਪ੍ਰਤੀਨਿਧੀਆਂ ਨੂੰ ਸਿੱਖਣ, ਨੈੱਟਵਰਕਿੰਗ, ਨਵੀਂ ਸੋਚ ਤੇ ਵਿਚਾਰਾ ਦੇ ਵਟਾਂਦਰੇ ਦਾ ਮੌਕਾ ਪ੍ਰਦਾਨ ਕਰਦਾ ਹੈ। ਹਾਲਾਂਕਿ, ਕੇਂਦਰ ਸਰਕਾਰ ਵੱਲੋਂ ਮਨਾਹੀ ਕਿਉਂ ਕੀਤੀ ਗਈ, ਇਸ ਪਿੱਛੇ ਕੋਈ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ। ਪਰ ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਰਿਸ਼ਤਿਆਂ ਨੂੰ ਲੈ ਕੇ ਚਰਚਾ ਫ਼ਿਰ ਤੇਜ਼ ਹੋ ਗਈ ਹੈ।