ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਤੇ ਪ੍ਰਾਇਮਰੀ ਸਕੂਲਾਂ ਲਈ ਵੱਡਾ ਐਲਾਨ; ਇਹ ਹੋਵੇਗਾ ਅਹਿਮ ਬਦਲਾਅ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਮਾਨ ਬਣਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਸੂਬੇ ਵਿੱਚ ਆਂਗਣਵਾੜੀ ਕੇਂਦਰਾਂ, ਪ੍ਰਾਇਮਰੀ ਸਕੂਲਾਂ ਅਤੇ ਪਲੇਅਵੇਅ ਸਕੂਲਾਂ ਵਿੱਚ ਬੱਚਿਆਂ ਨੂੰ ਇੱਕੋ ਜਿਹਾ ਸਿਲੇਬਸ ਪੜ੍ਹਾਇਆ ਜਾਵੇਗਾ। ਇਸ ਨਵੇਂ ਫੈਸਲੇ ਅਧੀਨ ਬੱਚਿਆਂ ਨੂੰ ਰਵਾਇਤੀ ਕਿਤਾਬੀ ਪੜ੍ਹਾਈ ਦੀ ਥਾਂ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਸਿੱਖਿਆ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ, ਸੂਬੇ ਦੇ ਸਾਰੇ ਪਲੇਅਵੇਅ ਸਕੂਲਾਂ ਨੂੰ ਰਜਿਸਟਰਡ ਕਰਨਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਸਿੱਖਿਆ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਐਲਾਨ ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਦੇ ਵਿੱਚ ਖੇਡ ਦੇ ਨਾਲ ਪੜ੍ਹਾਈ ਹੋਵੇਗੀ, ਉਨ੍ਹਾਂ ਨੂੰ ਕੋਈ ਬੈਗ ਜਾਂ ਕਿਤਾਬ ਚੁੱਕਣ ਲਈ ਨਹੀਂ ਕਿਹਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਪੰਜਾਬ ਦੇ ਅੰਦਰ ਪਲੇਵੇ ਸਕੂਲ ਦੀ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਤੇ ਹੁਣ ਅਸੀਂ ਉਸਦੀ ਆਨਲਾਈਨ ਰਜਿਸਟ੍ਰੇਸ਼ਨ ਸ਼ਰੂ ਕਰ ਰਹੇ ਹਾਂ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਹਰ ਬੱਚੇ ਦੇ ਸਮਾਨ ਅਤੇ ਸੰਤੁਲਿਤ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ਗਿਆਨ ਅਨੁਸਾਰ ਬੱਚੇ ਦੇ ਦਿਮਾਗ ਦਾ ਲਗਭਗ 90 ਫੀਸਦੀ ਵਿਕਾਸ ਪੰਜ ਸਾਲ ਦੀ ਉਮਰ ਤੱਕ ਹੋ ਜਾਂਦਾ ਹੈ, ਇਸ ਲਈ ਇਸ ਦੌਰਾਨ ਢੁਕਵਾਂ ਅਤੇ ਸਕਾਰਾਤਮਕ ਵਾਤਾਵਰਣ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ’ਤੇ ਕਿਤਾਬਾਂ ਦਾ ਬੋਝ ਪਾਉਣ ਦੀ ਬਜਾਏ ਉਨ੍ਹਾਂ ਨੂੰ ਖੇਡਾਂ, ਗੀਤਾਂ ਅਤੇ ਗਤੀਵਿਧੀਆਂ ਰਾਹੀਂ ਸਿੱਖਣ ਦੇ ਮੌਕੇ ਦਿੱਤੇ ਜਾਣਗੇ।

ਕੈਬਨਿਟ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਇੱਕ ਸਾਇੰਟਿਫਿਕ ਅਤੇ ਬੱਚਾ-ਮਿੱਤਰ ਸਿਲੇਬਸ ਤਿਆਰ ਕੀਤਾ ਜਾ ਰਿਹਾ ਹੈ, ਜਿਸਦੀ ਲਾਗੂ ਕਰਨ ਲਈ ਆਂਗਣਵਾੜੀ ਸਟਾਫ਼ ਦੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਫਰਵਰੀ ਮਹੀਨੇ ਤੱਕ ਪੂਰੀ ਕਰ ਲਈ ਜਾਵੇਗੀ। ਇਸ ਦੇ ਨਾਲ ਹੀ ‘ਮਿਸ਼ਨ ਆਰੰਭ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਆਂਗਣਵਾੜੀਆਂ ਵਿੱਚ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਫ਼ੋਨ ਰਾਹੀਂ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ ਕਿ ਉਹ ਘਰ ਵਿੱਚ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਕਿਵੇਂ ਸਹਿਯੋਗ ਦੇ ਸਕਦੇ ਹਨ। ਇਸ ਯੋਜਨਾ ਦੇ ਹੌਂਸਲਾ ਅਫਜ਼ਾਈ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ।

ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਭਰ ਵਿੱਚ 1,000 ਨਵੇਂ ਆਂਗਣਵਾੜੀ ਕੇਂਦਰ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 700 ਪਹਿਲਾਂ ਹੀ ਤਿਆਰ ਹੋ ਚੁੱਕੇ ਹਨ। ਇਨ੍ਹਾਂ ਕੇਂਦਰਾਂ ਵਿੱਚ ਖੁੱਲ੍ਹੇ ਅਤੇ ਹਵਾ-ਦਾਰ ਕਮਰੇ, ਬੱਚਿਆਂ ਲਈ ਸਾਫ਼-ਸੁਥਰੇ ਆਰਾਮ ਘਰ, ਰਸੋਈਆਂ ਅਤੇ ਆਕਰਸ਼ਕ ਫਰਨੀਚਰ ਉਪਲਬਧ ਕਰਵਾਇਆ ਗਿਆ ਹੈ। ਕਲਾਸਰੂਮਾਂ ਨੂੰ ਰੰਗੀਨ ਵਾਲ ਪੇਂਟਿੰਗਾਂ ਨਾਲ ਸਜਾਇਆ ਗਿਆ ਹੈ ਤਾਂ ਜੋ ਬੱਚਿਆਂ ਲਈ ਸਿੱਖਣ ਦਾ ਸੁਖਦ ਅਤੇ ਉਤਸ਼ਾਹ ਭਰਿਆ ਮਾਹੌਲ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਬੱਚੇ ਸਕੂਲ ਆ ਕੇ ਖੁਸ਼ੀ ਨਾਲ ਸਿੱਖਣ ਅਤੇ ਆਪਣੇ ਆਪ ਨਵੀਆਂ ਗੱਲਾਂ ਸਮਝ ਸਕਣ।

By Gurpreet Singh

Leave a Reply

Your email address will not be published. Required fields are marked *