ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਦਿੰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ‘ਚ ਸਰਕਾਰ ਨੇ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਵਿੱਚ ਬਿਜਲੀ ਬਿੱਲ ਮਾਫੀ, ਖੇਤੀਬਾੜੀ ਸੁਧਾਰ, ਅਤੇ ਸਿਹਤ ਸਹੂਲਤਾਂ ਸ਼ਾਮਲ ਹਨ।
90% ਘਰਾਂ ਦੇ ਬਿਜਲੀ ਬਿੱਲ ਜ਼ੀਰੋ
ਚੀਮਾ ਨੇ ਦੱਸਿਆ ਕਿ 2022 ਦੀਆਂ ਚੋਣਾਂ ਦੌਰਾਨ, ਆਮ ਆਦਮੀ ਪਾਰਟੀ ਨੇ ਪੰਜਾਬੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤਿੰਨ ਮਹੀਨਿਆਂ ਦੇ ਅੰਦਰ ਹੀ ਇਹ ਵਾਅਦਾ ਪੂਰਾ ਕੀਤਾ ਗਿਆ। ਅੱਜ ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਜੋ ਕਿ ਇੱਕ ਵੱਡੀ ਕਾਮਯਾਬੀ ਹੈ।
ਗੋਇੰਦਵਾਲ ਥਰਮਲ ਪਲਾਂਟ ਪੰਜਾਬ ਦੇ ਨਾਂ
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ। ਗੋਇੰਦਵਾਲ ਥਰਮਲ ਪਲਾਂਟ ਨੂੰ ਪੰਜਾਬ ਦੇ ਲੋਕਾਂ ਦੇ ਨਾਂ ਕੀਤਾ ਗਿਆ, ਜੋ ਕਿ ਭਵਿੱਖ ਵਿੱਚ ਸਸਤੀ ਬਿਜਲੀ ਦੇਣ ਵਿੱਚ ਮਦਦਗਾਰ ਹੋਵੇਗਾ।ਸਿਹਤ ਮੋਰਚੇ ‘ਤੇ ਆਮ ਆਦਮੀ ਕਲੀਨਿਕਾਂ ਦੀ ਕਾਮਯਾਬੀਚੀਮਾ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ‘ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਲਾਭ ਲੈ ਰਹੇ ਹਨ। ਸਰਕਾਰ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਦੇਣ ਲਈ ਵਚਨਬੱਧ ਹੈ, ਜਿਸ ਕਰਕੇ ਲੋਕ ਸਰਕਾਰੀ ਹਸਪਤਾਲਾਂ ਵਲ ਵਧੇਰੇ ਰੁਝਾਨ ਦਿਖਾ ਰਹੇ ਹਨ।
ਪਾਣੀ ਸੰਭਾਲ ਲਈ ਵੱਡਾ ਉਪਰਾਲਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ। ਨਹਿਰਾਂ ਦਾ ਪਾਣੀ ਖੇਤਾਂ ਦੇ ਆਖ਼ਰੀ ਕੋਣ ਤੱਕ ਪਹੁੰਚਾਣ ਲਈ ਪਾਈਪਲਾਈਨ ਲਾਈ ਗਈ, ਤਾਂ ਜੋ ਖੇਤਾਂ ਦੀ ਸੁਚੱਜੀ ਸਿੰਚਾਈ ਹੋ ਸਕੇ।
ਸਰਕਾਰ ਲੋਕਾਂ ਲਈ ਕੰਮ ਕਰ ਰਹੀ, ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਵਚਨਬੱਧ – ਚੀਮਾ
ਚੀਮਾ ਨੇ ਆਖ਼ਰ ‘ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕਈ ਇਤਿਹਾਸਕ ਫੈਸਲੇ ਲਏ ਹਨ। ਸਰਕਾਰ ਪੰਜਾਬ ਦੀ ਜ਼ਮੀਨ, ਪਾਣੀ, ਬਿਜਲੀ, ਅਤੇ ਲੋਕਾਂ ਦੀ ਤੰਦਰੁਸਤੀ ‘ਤੇ ਨਵੀਆਂ ਨੀਤੀਆਂ ਲਿਆ ਕੇ ਰਾਜ ਦੇ ਭਵਿੱਖ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ।