ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ’ਚ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਵੇਖਣ ਲਈ ਜਾਂਦੇ ਲੱਖਾਂ ਸੈਲਾਨੀਆਂ ਦੀ ਸਹੂਲਤ ’ਚ ਵਾਧਾ ਕਰਨ ਲਈ ਸਰਕਾਰ ਵੱਲੋਂ 25 ਕਰੋੜ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ ਅਟਾਰੀ ਸਰਹੱਦ ’ਤੇ ਸੈਲਾਨੀਆਂ ਲਈ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਸੈਲਾਨੀ ਖਿੱਚਣ ਵਾਲੇ ਸਥਾਨਾਂ ’ਚੋਂ ਇਕ ਅਟਾਰੀ ਸਰਹੱਦ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੁਆਰਾ ਸੀਮਾ ਸੁਰੱਖਿਆ ਬਲ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਆਫ਼ ਇੰਡੀਆ ਦੇ ਤਾਲਮੇਲ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਲਈ ਨਿਰਮਾਣ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋਵੇਗਾ ਅਤੇ ਸਰਹੱਦ ਤੱਕ ਇਸ ਦਾ ਵਿਸਥਾਰ ਕੀਤਾ ਜਾਵੇਗਾ, ਜਿਸਦਾ ਕੁੱਲ ਬਜਟ 24.65 ਕਰੋੜ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ 9 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ, ਜਿਸਦੀ ਦੇਖਭਾਲ ਅਗਲੇ 5 ਸਾਲਾਂ ਲਈ ਸਬੰਧਤ ਏਜੰਸੀ ਦੁਆਰਾ ਹੀ ਕੀਤੀ ਜਾਵੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਪ੍ਰਾਜੈਕਟ ਅਧੀਨ ਕੀਤੇ ਜਾਣ ਵਾਲੇ ਕੰਮਾਂ ’ਚ ਵਿਸ਼ਾਲ ਦਰਸ਼ਨੀ ਗੇਟ, ਵਾਹਨ ਚੈੱਕ ਪੋਸਟ, ਟੂਰਿਸਟ ਸੂਚਨਾ ਕੇਂਦਰ, ਸਹੂਲਤਾਂ ਵਾਲਾ ਛਾਂਦਾਰ ਰਸਤਾ, ਆਧੁਨਿਕ ਗੈਲਰੀ, ਸੁਰੱਖਿਆ ਜਾਂਚ ਬੁਨਿਆਦੀ ਢਾਂਚਾ ਅਤੇ ਐਡਵੈਂਚਰ ਜ਼ੋਨ ਸ਼ਾਮਲ ਹਨ।
ਡੀ. ਸੀ. ਨੇ ਕਿਹਾ ਕਿ ਇਹ ਪ੍ਰਾਜੈਕਟ ਅਟਾਰੀ ਸਰਹੱਦ ’ਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਹੋਣ ਵਾਲੇ ਰੀ ਟਰੀਟ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ।
