ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਫਿਰ ਪਛੜ ਗਿਆ – ਐਮ.ਪੀ ਔਜਲਾ

ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਫਿਰ ਪਛੜ ਗਿਆ – ਐਮ.ਪੀ ਔਜਲਾ
ਜ਼ਮੀਨ ਐਕਵਾਇਰ ਨਾ ਹੋਣ ਕਾਰਨ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇਅ ਪ੍ਰੋਜੈਕਟ ਫਿਰ ਰੁਕਿਆ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤ ਮਾਲਾ ਪ੍ਰੋਜੈਕਟ ਦੇ ਜ਼ਮੀਨ ਐਕਵਾਇਰ ਨਾ ਹੋਣ ਕਾਰਨ ਰੁਕੇ ਹੋਣ ‘ਤੇ ਗੁੱਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਸਰਕਾਰ ਦੀ ਨਾਕਾਮੀ ਕਾਰਨ ਪੰਜਾਬ ਇੱਕ ਵਾਰ ਫਿਰ ਪਛੜ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜ਼ਮੀਨ ਜਲਦੀ ਤੋਂ ਜਲਦੀ ਐਕੁਆਇਰ ਕੀਤੀ ਜਾਵੇ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾਵੇ ਲੇਕਿਨ ਸਰਕਾਰ ਨੇ ਧਿਆਨ ਨਹੀਂ ਦਿੱਤਾ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ NHAI ਨੇ ਭਾਰਤਮਾਲਾ ਪਰਿਯੋਜਨਾ ਅਧੀਨ ਅੰਮ੍ਰਿਤਸਰ ਕਨੈਕਟੀਵਿਟੀ ਪ੍ਰੋਜੈਕਟ ਲਈ ਸੀਗਲ ਇੰਡੀਆ ਲਿਮਟਿਡ ਅਤੇ ਮੈਸਰਜ਼ ਕ੍ਰਿਸ਼ਨਾ ਕੰਸਟ੍ਰਕਸ਼ਨ ਨਾਲ ਆਪਣਾ ਇਕਰਾਰਨਾਮਾ ਨਾਕਾਫ਼ੀ ਜ਼ਮੀਨ ਪ੍ਰਾਪਤੀ ਕਾਰਨ ਖਤਮ ਕਰ ਦਿੱਤਾ ਹੈ। ਕੰਪਨੀ ਵੱਲੋਂ ਇਕਰਾਰਨਾਮਾ ਸਮਾਪਤੀ ਰੱਦ ਕਰਨ ਦੀ ਬੇਨਤੀ ਦੇ ਬਾਵਜੂਦ, NHAI ਨੇ ਮੁਆਵਜ਼ੇ ਵਜੋਂ ਇਕਰਾਰਨਾਮੇ ਦੀ ਕੀਮਤ ਦਾ 1% ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 1,071 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ EPC ਮਾਡਲ ਦੇ ਤਹਿਤ ਲਾਗੂ ਕੀਤਾ ਜਾ ਰਿਹਾ ਸੀ।
ਕੰਪਨੀ ਨੂੰ NHAI ਦੁਆਰਾ 25-02-2025 ਨੂੰ ਇਕਰਾਰਨਾਮਾ ਖਤਮ ਕਰਨ ਬਾਰੇ ਸੂਚਿਤ ਕੀਤਾ ਗਿਆ ਸੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿਰਫ਼ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਮਹੀਨੇ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪ੍ਰੋਜੈਕਟ ਦੀ ਗੰਭੀਰਤਾ ਨੂੰ ਸਮਝਣ ਦੀ ਸਲਾਹ ਦਿੱਤੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਰਾਜਨੀਤੀ ਲਈ ਵਿਰੋਧੀ ਧਿਰ ਦੀ ਗੱਲ ਸੁਣਦੇ ਹਨ ਜਦੋਂ ਕਿ ਵਿਰੋਧੀ ਧਿਰ ਦੀ ਸਲਾਹ ਲੋਕਤੰਤਰ ਲਈ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੈ ਅਤੇ ਪੂਰੀ ਤਰ੍ਹਾਂ ਯਾਤਰੀਆਂ ‘ਤੇ ਨਿਰਭਰ ਹੈ ਅਤੇ ਇਸ ਖੇਤਰ ਲਈ ਇਸ ਪ੍ਰੋਜੈਕਟ ਦੀ ਸਭ ਤੋਂ ਵੱਧ ਮਹੱਤਤਾ ਹੈ। ਇਸ ਪ੍ਰੋਜੈਕਟ ‘ਤੇ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਉਮੀਦਾਂ ਟਿਕੀਆਂ ਹੋਈਆਂ ਸਨ ਪਰ ਆਮ ਆਦਮੀ ਪਾਰਟੀ ਦੀ ਅਸਫਲਤਾ ਨੇ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਐਮਪੀ ਔਜਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਗਸਤ 2024 ਵਿੱਚ, ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਪੰਜਾਬ ਵਿੱਚ ਪ੍ਰੋਜੈਕਟਾਂ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਕੀਤਾ ਗਿਆ ਅਤੇ ਜ਼ਮੀਨ ਪ੍ਰਾਪਤ ਨਹੀਂ ਕੀਤੀ ਗਈ ਤਾਂ ਪ੍ਰੋਜੈਕਟਾਂ ਨੂੰ ਖਤਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ 3,263 ਕਰੋੜ ਰੁਪਏ ਦੇ 104 ਕਿਲੋਮੀਟਰ ਲੰਬੇ ਪ੍ਰੋਜੈਕਟਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੇ ਪਹਿਲਾਂ ਹੀ ਰੋਕ ਦਿੱਤਾ ਹੈ। ਉਸ ਤੋਂ ਬਾਅਦ, 293 ਕਿਲੋਮੀਟਰ ਲੰਬਾਈ ਅਤੇ 14200 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ, ਖਾਸ ਕਰਕੇ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੈ ਅਤੇ ਐਕਸਪ੍ਰੈਸਵੇਅ ਤੋਂ ਅੰਮ੍ਰਿਤਸਰ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਜੇਕਰ ਇਹ ਪ੍ਰੋਜੈਕਟ ਬੰਦ ਹੋ ਜਾਂਦੇ ਹਨ ਤਾਂ ਨੁਕਸਾਨ ਦੀ ਭਰਪਾਈ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 15 ਜੁਲਾਈ ਦੀ ਮੀਟਿੰਗ ਤੋਂ ਬਾਅਦ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਹੁਣ ਇਨ੍ਹਾਂ ਪ੍ਰੋਜੈਕਟਾਂ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ ਅਤੇ ਇਨ੍ਹਾਂ ਨੂੰ ਖੁਦ ਪੂਰਾ ਕਰਵਾਉਣਗੇ, ਪਰ ਉਸ ਤੋਂ ਬਾਅਦ ਵੀ ਹਾਲਾਤ ਉਹੀ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਪੈਸੇ ਦੋ ਸਾਲਾਂ ਤੋਂ ਹਨ ਪਰ ਫਿਰ ਵੀ ਇਨ੍ਹਾਂ ਨੂੰ ਪੂਰਾ ਨਾ ਕਰਨਾ ਦਰਸਾਉਂਦਾ ਹੈ ਕਿ ਸਰਕਾਰ ਪੰਜਾਬ ਪ੍ਰਤੀ ਗੰਭੀਰ ਨਹੀਂ ਹੈ ਅਤੇ ਪੰਜਾਬ ਦੇ ਹਿੱਤ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਮਹੱਤਵਪੂਰਨ ਪ੍ਰੋਜੈਕਟ ਤੋਂ ਪਿੱਛੇ ਹਟ ਵੀ ਜਾਂਦੀ ਹੈ, ਤਾਂ ਵੀ ਉਹ ਆਪਣੇ ਰਾਜ ਅਤੇ ਆਪਣੇ ਜ਼ਿਲ੍ਹੇ ਨਾਲ ਕੋਈ ਵੀ ਅਨਿਆਂ ਨਹੀਂ ਹੋਣ ਦੇਣਗੇ ਅਤੇ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣਗੇ। ਉਹ ਇਸ ਪ੍ਰੋਜੈਕਟ ਨੂੰ ਹਰ ਕੀਮਤ ‘ਤੇ ਪੂਰਾ ਕਰਵਾਉਣਗੇ।

By Gurpreet Singh

Leave a Reply

Your email address will not be published. Required fields are marked *