ਪੰਜਾਬ: ਸਿਹਤ ਵਿਭਾਗ ਨੂੰ ਖੁਦ ਇਲਾਜ ਦੀ ਜ਼ਰੂਰਤ; ਅਧਿਕਾਰੀਆਂ ਨੂੰ ਅਜੇ ਤੱਕ ਨਹੀਂ ਮਿਲੇ ਨਵੇਂ ਵਾਹਨ

ਗੁਰਦਾਸਪੁਰ : ਪੰਜਾਬ ’ਚ ਅੱਜ-ਕੱਲ੍ਹ ਸਭ ਤੋਂ ਮਹੱਤਵਪੂਰਨ ਸਿਹਤ ਵਿਭਾਗ ਖ਼ੁਦ ਬਿਮਾਰੀ ਦੀ ਹਾਲਤ ’ਚ ਨਜ਼ਰ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਸਿਹਤ ਵਿਭਾਗ ਖ਼ੁਦ ਹੀ ਵਸੀਲਿਆਂ ਦੀ ਘਾਟ ਨਾਲ ਜੂਝ ਰਿਹਾ ਹੈ ਤਾਂ ਉਹ ਲੋਕਾਂ ਦਾ ਕੀ ਇਲਾਜ ਕਰ ਸਕੇਗਾ। ਦਰਅਸਲ, ਜ਼ਿਲਾ ਗੁਰਦਾਸਪੁਰ ਦੇ ਸਿਹਤ ਅਧਿਕਾਰੀਆਂ ਕੋਲ ਮੌਜੂਦ ਵਾਹਨ 15-15 ਸਾਲ ਪੁਰਾਣੇ ਹੋਣ ਕਾਰਨ ਕੰਡਮ ਐਲਾਨ ਕੇ ਖੜ੍ਹੇ ਕਰ ਦਿੱਤੇ ਗਏ ਸਨ, ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਨਵੇਂ ਵਾਹਨ ਨਹੀਂ ਮਿਲੇ।

ਜਾਣਕਾਰੀ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਸਮੇਤ ਹੋਰ ਅਧਿਕਾਰੀਆਂ ਦੇ ਪੁਰਾਣੇ ਵਾਹਨਾਂ ’ਤੇ ਮੁਰੰਮਤ ਦਾ ਖ਼ਰਚ ਬਹੁਤ ਜ਼ਿਆਦਾ ਆਉਂਦਾ ਸੀ। ਵੀ. ਆਈ. ਪੀ. ਡਿਊਟੀਆਂ ਦੌਰਾਨ ਇਹ ਪੁਰਾਣੇ ਵਾਹਨ ਆਧੁਨਿਕ ਗੱਡੀਆਂ ਦੀ ਗਤੀ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਸਨ। ਇਸੇ ਕਾਰਨ ਸਿਵਲ ਸਰਜਨ, ਤਿੰਨ ਪ੍ਰੋਜੈਕਟ ਅਧਿਕਾਰੀ, 10 ’ਚੋਂ 7 ਬਲਾਕਾਂ ਦੀਆਂ ਐਂਬੂਲੈਂਸਾਂ, ਸਹਾਇਕ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਅਤੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਦੇ ਵਾਹਨ ਲਗਭਗ ਇਕ ਸਾਲ ਪਹਿਲਾਂ ਕੰਡਮ ਐਲਾਨੇ ਗਏ ਸਨ।

ਵਿਭਾਗ ਨੇ ਪੁਰਾਣੇ ਵਾਹਨਾਂ ਨੂੰ ਨਵਿਆਂ ਨਾਲ ਬਦਲਣ ਦਾ ਵਾਅਦਾ ਕੀਤਾ ਸੀ ਪਰ ਇਕ ਸਾਲ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜ਼ਿਲ੍ਹੇ ਦੇ 10 ’ਚੋਂ 7 ਬਲਾਕਾਂ ਕੋਲ ਆਪਣੀਆਂ ਐਂਬੂਲੈਂਸਾਂ ਨਹੀਂ ਹਨ। ਸਿਵਲ ਸਰਜਨ, ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਅਤੇ ਰਾਸ਼ਟਰੀ ਪ੍ਰੋਗਰਾਮਾਂ ਦੀ ਅਗਵਾਈ ਕਰਨੀ ਹੁੰਦੀ ਹੈ, ਉਹ ਇਸ ਸਮੇਂ ਬਲੱਡ ਬੈਂਕ ਦੀ ਗੱਡੀ ਜਾਂ ਰਾਸ਼ਟਰੀ ਬਾਲ ਸਿਹਤ ਵਿਭਾਗ ਦੇ ਵਾਹਨ ਦੀ ਵਰਤੋਂ ਕਰਨ ਲਈ ਮਜ਼ਬੂਰ ਹਨ। ਚੰਡੀਗੜ੍ਹ ਤੋਂ ਸਾਮਾਨ ਲਿਆਉਣ ਲਈ ਵਿਭਾਗ ਕੋਲ ਆਪਣਾ ਟਰੱਕ ਵੀ ਨਹੀਂ ਹੈ।

ਇਸ ਸਬੰਧੀ ਕੁਝ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਆਪਣੇ ਨਿੱਜੀ ਵਾਹਨ ਵਰਤਣ ਲਈ ਮਜ਼ਬੂਰ ਹਨ। ਹਾਲਾਂਕਿ ਵਿਭਾਗ ਨੇ ਲੋੜ ਪੈਣ ’ਤੇ ਟੈਕਸੀਆਂ ਦੀ ਵਰਤੋਂ ਦੀ ਆਗਿਆ ਦਿੱਤੀ ਹੈ ਪਰ ਜ਼ਿਆਦਾਤਰ ਅਧਿਕਾਰੀਆਂ ਨੂੰ ਰੋਜ਼ਾਨਾ ਦੇ ਕੰਮਕਾਜ ’ਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਅਨੁਸਾਰ ਸਰਕਾਰ ਦੇ ਦਾਅਵਿਆਂ ਦੇ ਉਲਟ ਗੁਰਦਾਸਪੁਰ ’ਚ ਸਥਿਤੀ ਚਿੰਤਾਜਨਕ ਹੈ, ਜਿਸ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

By Gurpreet Singh

Leave a Reply

Your email address will not be published. Required fields are marked *