ਪੰਜਾਬ – ਅਗਲੇ 4 ਦਿਨ ਫੇਰ ਭਾਰੀ ਮੀਂਹ ਦੇ ਆਸਾਰ, ਅਲਰਟ ਜਾਰੀ!

ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕੇ ਹੜ੍ਹ ਦੀ ਲਪੇਟ ‘ਚ ਆ ਗਏ ਹਨ। ਕਈ ਪਿੰਡਾਂ ਦੇ ਪਿੰਡ ਪਾਣੀ ਨੇ ਤਬਾਹ ਕਰ ਦਿੱਤੇ ਹਨ। ਲੋਕਾਂ ਦਾ ਘਰੋਂ ਬਾਹਰ ਜਾਣਾ ਵੀ ਮੁਸ਼ਕਿਲ ਹੋ ਗਿਆ। ਮੌਸਮ ‘ਚ ਵੱਡੀ ਤਬਦੀਲੀ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ। ਯਾਨੀ ਕਿ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ। ਹਿਮਾਚਲ ਦੇ ਉਪਰਲੇ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਅਤੇ ਪੌਂਗ ਡੈਮ ਵਿਚ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ।

ਇਸ ਦੌਰਾਨ ਮੌਸਮ ਵਿਭਾਗ ਨੇ ਫਿਰ ਤੋਂ ਪੰਜਾਬ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 29 ਅਗਸਤ ਤੋਂ 1 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦਰਮਿਆਨੇ ਤੋਂ ਭਾਰੀ ਮੀਂਹ ਪਵੇਗਾ, ਜਿਸ ਦੇ ਲਈ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 29 ਅਗਸਤ ਨੂੰ ਮੀਂਹ ਦੇ ਹਾਲਾਤ ਗੰਭੀਰ ਹੋ ਸਕਦੇ ਹਨ, ਕਿਉਂਕਿ ਪੰਜਾਬ ‘ਚ ਅੱਜ ਭਾਰੀ ਮੀਂਹ ਪੈ ਸਕਦਾ ਹੈ। 

ਦੱਸ ਦੇਈਏ ਕਿ ਭਾਖੜਾ ਡੈਮ ਦਾ ਜਲ ਪੱਧਰ 1671.80 ਫੁੱਟ ਦਰਜ ਕੀਤਾ ਗਿਆ, ਜਦਕਿ ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਬੀ. ਬੀ. ਐੱਮ. ਬੀ. ਪ੍ਰਬੰਧਕਾਂ ਨੇ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਪੌਂਗ ਡੈਮ ਵਿਚੋਂ 1,04,989 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਛੱਡਿਆ ਹੈ। ਇਸ ਤੋਂ ਇਲਾਵਾ ਭਾਖੜਾ ਡੈਮ, ਪੌਂਗ ਡੈਮ ਅਤੇ ਪਠਾਨਕੋਟ ਵਿਚ ਮਾਧੋਪੁਰ ਹੈੱਡਵਰਕਸ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਸੁਲਤਾਨਪੁਰ ਲੋਧੀ, ਤਰਨਤਾਰਨ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਖੇਤਰਾਂ ਦੇ ਸੈਂਕੜੇ ਪਿੰਡਾਂ ਵਿਚ 7 ਫੁੱਟ ਤੱਕ ਪਾਣੀ ਭਰ ਗਿਆ ਹੈ।

By Gurpreet Singh

Leave a Reply

Your email address will not be published. Required fields are marked *