ਪੰਜਾਬ ਕਿੰਗਜ਼ ਦੀ ਮਾਲਕਿਨ ਪ੍ਰੀਟੀ ਜ਼ਿੰਟਾ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਟੀਮ ਦੀ ਜਿੱਤ ਲਈ ਕੀਤੀ ਅਰਦਾਸ

ਗੁਰਪ੍ਰੀਤ ਸਿੰਘ :- ਬਾਲੀਵੁੱਡ ਅਦਾਕਾਰਾ ਅਤੇ ਆਈਪੀਐਲ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਿਨ ਪ੍ਰੀਤੀ ਜ਼ਿੰਟਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਪ੍ਰੀਟੀ ਜ਼ਿੰਟਾ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਸ਼ਰਧਾਲੂ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਉਂਦੇ ਵੀ ਨਜ਼ਰ ਆਏ।

ਗੁਰੂ ਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪ੍ਰੀਟੀ ਜ਼ਿੰਟਾ ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਅਤੇ ਸੇਵਾ ਭਾਵਨਾ ਨਾਲ ਆਪਣੀ ਸ਼ਰਧਾ ਪ੍ਰਗਟਾਈ। ਉਨ੍ਹਾਂ ਦੀ ਸਾਦਗੀ ਅਤੇ ਗੁਰੂ ਘਰ ਪ੍ਰਤੀ ਆਸਥਾ ਨੂੰ ਦੇਖ ਕੇ ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੀਟੀ ਜ਼ਿੰਟਾ ਨੇ ਕਿਹਾ ਕਿ “ਬਸ ਬਾਬਾ ਜੀ ਦਾ ਬੁਲਾਵਾ ਆਇਆ ਸੀ, ਅਸੀਂ ਆ ਗਏ।” ਉਨ੍ਹਾਂ ਦੱਸਿਆ ਕਿ 11 ਮਈ ਨੂੰ ਟੀਮ ਦਾ ਇੱਕ ਅਹਿਮ ਮੈਚ ਹੈ ਅਤੇ ਉਹ ਪੰਜਾਬ ਦੀ ਜਿੱਤ ਲਈ ਅਰਦਾਸ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਟੀਮ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਸਾਰੇ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ।

ਪ੍ਰੀਟੀ ਜ਼ਿੰਟਾ ਨੇ ਪੰਜਾਬ ਟੀਮ ਦੇ ਕਪਤਾਨ Shreyas Iyer ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ “ਸਰਪੰਚ” ਕਹਿ ਕੇ ਬੁਲਾਉਣਾ ਬਹੁਤ ਪਿਆਰ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਪਿਆਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦਾ ਇਹ ਪਿਆਰ ਹੀ ਟੀਮ ਦੀ ਸਭ ਤੋਂ ਵੱਡੀ ਤਾਕਤ ਹੈ।

By Gurpreet Singh

Leave a Reply

Your email address will not be published. Required fields are marked *