ਪੰਜਾਬ ਦੀ ਇਸ ਪੰਚਾਇਤ ਦਾ ਫ਼ਰਮਾਨ- ਦੂਜੇ ਸੂਬਿਆਂ ਤੋਂ ਆਏ ਲੋਕ ਇਕ ਹਫ਼ਤੇ ’ਚ ਖਾਲੀ ਕਰਨ ਪਿੰਡ

ਨੈਸ਼ਨਲ ਟਾਈਮਜ਼ ਬਿਊਰੋ :- ਖਮਾਣੋਂ ਬਲਾਕ ਦੇ ਪਿੰਡ ਲਖਣਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਬਿਨਾਂ ਪਛਾਣ ਪੱਤਰ ਦੇ ਇੱਥੇ ਰਹਿਣ ਵਾਲੇ ਦੂਜੇ ਰਾਜਾਂ ਤੋਂ ਆਏ ਲੋਕਾਂ ਨੂੰ ਇਕ ਹਫ਼ਤੇ ਦੇ ਅੰਦਰ ਪਿੰਡ ਛੱਡਣ ਦਾ ਫ਼ਰਮਾਨ ਸੁਣਾਇਆ ਹੈ। ਇਸ ਨੂੰ ਲੈ ਕੇ ਪੰਚਾਇਤ ਨੇ ਇਕ ਮਤਾ ਵੀ ਪਾਇਆ ਹੈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੰਚਾਇਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਅਜਿਹੇ ਲੋਕਾਂ ਦੇ ਕਾਰਨ ਪਿੰਡ ਵਿਚ ਕਾਨੂੰਨ ਵਿਵਸਥਾ ’ਤੇ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਚੁੱਕਿਆ ਹੈ। ਪੰਚਾਇਤ ਨੇ ਦੋਸ਼ ਲਾਇਆ ਹੈ ਕਿ ਦੂਜੇ ਰਾਜਾਂ ਤੋਂ ਆਏ ਕੁਝ ਨੌਜਵਾਨ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਂਦੇ ਹਨ, ਸ਼ਰਾਬ ਪੀਂਦੇ ਹਨ ਅਤੇ ਔਰਤਾਂ ਤੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਪਿੰਡ ਵਿਚ ਹੁਣ ਭੰਗ ਦੇ ਸੇਵਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸ ਨਾਲ ਮਾਹੌਲ ਵਿਗੜ ਰਿਹਾ ਹੈ। ਪੰਚਾਇਤ ਦੇ ਇਸ ਫ਼ਰਮਾਨ ਤੋਂ ਦੂਜੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ ਵਿਚ ਚਿੰਤਾ ਫੈਲ ਗਈ ਹੈ। ਉੱਥੇ, ਕੁਝ ਪਿੰਡ ਦੇ ਲੋਕ ਇਸ ਫ਼ੈਸਲੇ ਦਾ ਵਿਰੋਧ ਵੀ ਕਰ ਰਹੇ ਹਨ। ਇਸ ਸਬੰਧ ਵਿਚ ਖਮਾਣੋਂ ਦੀ ਐੱਸਡੀਐੱਮ ਮਨਪ੍ਰੀਤ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਤੇ ਬਾਰੇ ਕੁਝ ਵੀ ਨਹੀਂ ਪਤਾ ਹੈ, ਬੀਡੀਪੀਓ ਨਾਲ ਗੱਲ ਕਰ ਕੇ ਪਤਾ ਕਰਾਂਗੀ।

ਪਿੰਡ ਦੇ ਸਰਪੰਚ ਬਰਿੰਦਰ ਸਿੰਘ ਤੇ ਪੰਚ ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ਪਿੰਡ ’ਚ ਪਹਿਲਾਂ ਵੀ ਦੂਜੇ ਰਾਜਾਂ ਤੋਂ ਮਜ਼ਦੂਰ ਝੋਨੇ ਦੀ ਬਿਜਾਈ ਤੇ ਕਣਕ ਦੀ ਵਾਢੀ ਦੇ ਸਮੇਂ ਆਉਂਦੇ ਰਹੇ ਹਨ ਪਰ ਉਹ ਸੀਜ਼ਨ ਸਮਾਪਤ ਹੁੰਦਿਆਂ ਹੀ ਪਰਤ ਜਾਂਦੇ ਸਨ ਪਰ ਹੁਣ ਕਈ ਲੋਕ ਪਿੰਡ ਵਿਚ ਸਥਾਈ ਰੂਪ ਨਾਲ ਰਹਿਣ ਲੱਗੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦੇ ਕੋਲ ਨਾ ਤਾਂ ਆਧਾਰ ਕਾਰਡ ਹੈ ਅਤੇ ਨਾ ਹੀ ਕੋਈ ਪਛਾਣ ਪੱਤਰ। ਇਸ ਕਾਰਨ ਪਿੰਡ ਵਿਚ ਕਾਨੂੰਨ ਵਿਵਸਥਾ ’ਤੇ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਵਿਚ ਅਪਰਾਧ, ਨਸ਼ੇ ਤੇ ਅਸਮਾਜਿਕ ਸਰਗਰਮੀਆਂ ਦੇ ਡਰ ਨੂੰ ਦੇਖਦੇ ਹੋਏ ਬਿਨਾਂ ਪਛਾਣ ਪੱਤਰ ਦੇ ਰਹਿਣ ਵਾਲੇ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ ਹਟਾਉਣ ਵਿਚ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਜ਼ਿਮੀਂਦਾਰ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ ਰੱਖਣਾ ਵੀ ਚਾਹੁੰਦਾ ਹੈ ਤਾਂ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਰੱਖ ਸਕੇਗਾ ਜਿਨ੍ਹਾਂ ਕੋਲ ਪਛਾਣ ਪੱਤਰ ਹੋਵੇਗਾ।

By Gurpreet Singh

Leave a Reply

Your email address will not be published. Required fields are marked *