ਗੁਰਪ੍ਰੀਤ ਸਿੰਘ :- ਮਜੀਠਾ ਹਲਕੇ ਦੇ ਇੱਕ ਪਿੰਡ ਵਿੱਚ ਨਸ਼ੇ ਦੇ ਮਾਮਲੇ ‘ਚ ਛਾਪੇਮਾਰੀ ਕਰਨ ਗਈ ਪੰਜਾਬ ਪੁਲਿਸ (Punjab Police) ‘ਤੇ ਇੱਕ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਟਾਹਲੀ ਸਾਹਿਬ ਬੱਸ ਅੱਡੇ ’ਤੇ ਰੱਖ ਕੇ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ।
ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ (Punjab Police) ਮੁਲਾਜ਼ਮ ਪਹਿਲਾਂ ਬਜ਼ੁਰਗ ਨਿਰਮਲ ਸਿੰਘ ਦੇ ਘਰ ਦੇ ਬਾਹਰ ਖੜ੍ਹੇ ਹੁੰਦੇ ਹਨ ਅਤੇ ਫਿਰ ਅੰਦਰੋਂ ਉਸ ਦੇ ਪੁੱਤਰ ਨੂੰ ਫੜ ਕੇ ਲੈ ਜਾਂਦੇ ਹਨ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੁੜ ਘਰ ਦੇ ਅੰਦਰ ਦਾਖ਼ਲ ਹੁੰਦੇ ਹਨ ਅਤੇ ਕੁਝ ਸਮੇਂ ਬਾਅਦ ਬਾਹਰ ਆਉਂਦੇ ਹਨ। ਵੀਡੀਓ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਕਿਰਪਾਨ ਵੀ ਦਿਖਾਈ ਦੇ ਰਹੀ ਹੈ।
ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਘਰ ਦੇ ਅੰਦਰ ਵੜ ਕੇ ਬਜ਼ੁਰਗ ਨਿਰਮਲ ਸਿੰਘ ਦੀ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ ਅਤੇ ਉਨ੍ਹਾਂ ਨੂੰ ਡਾਂਗਾਂ ਨਾਲ ਕੁੱਟਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਨੂੰ ਸੂਬੇ ਵਿੱਚ ‘ਪੁਲਿਸ ਰਾਜ’ ਦੀ ਮਿਸਾਲ ਦੱਸਦਿਆਂ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦਿਨ ਭਰ ਚੱਲੇ ਇਸ ਤਣਾਅਪੂਰਨ ਮਾਹੌਲ ਤੋਂ ਬਾਅਦ ਦੇਰ ਸ਼ਾਮ ਪੁਲਿਸ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਨਿਰਪੱਖ ਜਾਂਚ ਅਤੇ ਇਨਸਾਫ਼ ਦਾ ਭਰੋਸਾ ਦਿੱਤਾ ਗਿਆ। ਪੁਲਿਸ ਦੇ ਭਰੋਸੇ ਤੋਂ ਬਾਅਦ ਪਰਿਵਾਰ ਧਰਨਾ ਚੁੱਕਣ ਅਤੇ ਅੰਤਿਮ ਸਸਕਾਰ ਲਈ ਸਹਿਮਤ ਹੋ ਗਿਆ। ਬਜ਼ੁਰਗ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਹਿਰਾਸਤ ਵਿੱਚ ਲਏ ਨੌਜਵਾਨ ਦਲੇਰ ਸਿੰਘ ਨੂੰ ਵੀ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਰਿਹਾਅ ਕਰ ਦਿੱਤਾ ਹੈ।
ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਨੇ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਨਿਰਮਲ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ (Heart Attack) ਲੱਗਣਾ ਜਾਪਦਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
