ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਪੰਜਾਬ ਦੀ ਸਿਆਸਤ ਗਰਮਾਈ, ‘ਆਪ’ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਲਗਾਇਆ ਦੋਸ਼

ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ ਗਰਮਾਈ, 'ਆਪ' ਨੇ ਭਾਜਪਾ 'ਚ ਸ਼ਾਮਲ ਹੋਣ ਦਾ ਲਗਾਇਆ ਦੋਸ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੇ ਸਿਆਸਤ ਗਰਮਾ ਦਿੱਤੀ ਹੈ। ਜਦੋਂ ਪੱਤਰਕਾਰਾਂ ਨੇ ਬਾਜਵਾ ਤੋਂ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ, ਤਾਂ ਉਨ੍ਹਾਂ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਉਦਾਹਰਣ ਦਿੱਤੀ ਅਤੇ ਕਿਹਾ, “ਜਿਵੇਂ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਪਹਿਲਾਂ ਤੋਂ ਬੁੱਕ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ‘ਆਪ’ ਵਿਧਾਇਕ ਕਾਂਗਰਸ ਵਿੱਚ ਬੁੱਕ ਕੀਤੇ ਜਾ ਰਹੇ ਹਨ।”


ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਾਜਵਾ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ‘ਆਪ’ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਕਿਹਾ, “ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ।” ਰਾਹੁਲ ਗਾਂਧੀ ਤੋਂ ਪੁੱਛਗਿੱਛ ਦੀ ਮੰਗ ਕਰਦੇ ਹੋਏ, ਉਨ੍ਹਾਂ ਦੋਸ਼ ਲਗਾਇਆ ਕਿ ਬਾਜਵਾ ਹਾਲ ਹੀ ਵਿੱਚ ਬੈਂਗਲੁਰੂ ਗਏ ਸਨ ਜਿੱਥੇ ਉਹ ਸੀਨੀਅਰ ਭਾਜਪਾ ਨੇਤਾਵਾਂ ਨਾਲ ਮਿਲੇ ਸਨ।

‘ਆਪ’ ਦੇ ਬੁਲਾਰੇ ਨੀਲ ਗਰਗ ਨੇ ਵੀ ਬਾਜਵਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਨਾਲ ਆਪਣਾ ਪ੍ਰਬੰਧ ਕਰ ਲਿਆ ਹੈ ਅਤੇ ਉਨ੍ਹਾਂ ਦੀ ਟਿਕਟ ਪੱਕੀ ਹੋ ਗਈ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਬਾਜਵਾ 12 ਪੌੜੀਆਂ ਚੜ੍ਹ ਗਏ ਹਨ, ਹੁਣ ਸਿਰਫ਼ ਭਾਜਪਾ ਦਾ ਦਰਵਾਜ਼ਾ ਖੋਲ੍ਹਣਾ ਬਾਕੀ ਹੈ।

ਗਰਗ ਨੇ ਅੱਗੇ ਕਿਹਾ, “ਬਾਜਵਾ ਨੇ ਬੰਗਲੁਰੂ ਵਿੱਚ ਸੀਨੀਅਰ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਰਾਹੁਲ ਗਾਂਧੀ ਨੂੰ ਆਪਣੇ ਆਗੂਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਬਾਜਵਾ ਕੁਝ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਹ ਖ਼ਬਰ 100% ਪੁਸ਼ਟੀ ਕੀਤੀ ਗਈ ਹੈ।”

ਬਾਜਵਾ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ “ਭਾਜਪਾ ਸੰਸਦ ਮੈਂਬਰ ਰਵਨੀਤ ਬਿੱਟੂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਪਰਕ ਵਿੱਚ ਹੈ। ਬਿੱਟੂ ਦਿਨ ਵਿੱਚ ਚਾਰ ਵਾਰ ਮੁੱਖ ਮੰਤਰੀ ਨਾਲ ਗੱਲ ਕਰਦੇ ਹਨ।” ਬਾਜਵਾ ਦਾ ਦਾਅਵਾ ਹੈ ਕਿ ਜਦੋਂ ਕੇਜਰੀਵਾਲ ਮੁੱਖ ਮੰਤਰੀ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਭਗਵੰਤ ਮਾਨ ਵੀ ਭਾਜਪਾ ਵਿੱਚ ਚਲੇ ਜਾਣਗੇ।

By Gurpreet Singh

Leave a Reply

Your email address will not be published. Required fields are marked *