ਮੋਹਾਲੀ (ਨੈਸ਼ਨਲ ਟਾਈਮਜ਼): ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਰਣਨੀਤੀ ਤਿਆਰ ਕਰ ਲਈ ਹੈ। ਵੀਰਵਾਰ ਨੂੰ ਮੋਹਾਲੀ ਵਿੱਚ ਨਵੇਂ ਵੇਰੀਐਂਟ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। 51 ਸਾਲ ਦੀ ਇੱਕ ਮਹਿਲਾ, ਜੋ ਹਰਿਆਣਾ ਦੇ ਯਮੁਨਾ ਨਗਰ ਦੀ ਰਹਿਣ ਵਾਲੀ ਹੈ, ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਮਹਿਲਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਮੋਹਾਲੀ ਆਈ ਸੀ।
ਪੰਜਾਬ ਸਿਹਤ ਵਿਭਾਗ ਨੇ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਜ਼ਿਲ੍ਹਿਆਂ ਤੇ ਮੈਡੀਕਲ ਕਾਲਜਾਂ ਵਿੱਚ ਕੋਰੋਨਾ ਟੈਸਟਿੰਗ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਹਸਪਤਾਲਾਂ ਵਿੱਚ ਆਕਸੀਜਨ, ਵੈਂਟੀਲੇਟਰ ਅਤੇ ਆਈਸੀਯੂ ਸਹੂਲਤਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਸਿਹਤ ਵਿਭਾਗ ਨੇ ਜਨਤਾ ਨੂੰ ਸੁਰੱਖਿਆ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ‘ਦੋ ਗਜ ਦੀ ਦੂਰੀ, ਮਾਸਕ ਜ਼ਰੂਰੀ’ ਦੇ ਸੰਦੇਸ਼ ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਭੀੜ-ਭੜਾਕੇ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਮਰੀਜ਼ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਲੋਕਾਂ ਨੂੰ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਨ, ਹੱਥ ਧੋਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਜਨਤਕ ਸਭਾਵਾਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ।
ਸਿਹਤ ਮੰਤਰੀ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਨਵਾਂ ਵੇਰੀਐਂਟ ਪਹਿਲਾਂ ਵਾਲੇ ਵਾਇਰਸ ਦੀ ਤਰ੍ਹਾਂ ਘਾਤਕ ਨਹੀਂ ਹੈ, ਅਤੇ ਘਬਰਾਉਣ ਦੀ ਕੋਈ ਲੋੜ ਨਹੀਂ।