ਪੰਜਾਬ : ਵਿਦਿਆਰਥੀਆਂ ਦੀ ਕਲਾਸ ਲਗਾ ਰਹੇ ਸਕੂਲ ਦੇ ਅਧਿਆਪਕ ‘ਤੇ ਚੱਲੀਆਂ ਗੋਲ਼ੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਇਕ ਅਧਿਆਪਕ ‘ਤੇ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਚੰਗੀ ਗੱਲ ਇਹ ਰਹੀ ਕਿ ਇਸ ਵਾਰਦਾਤ ਵਿਚ ਸਕੂਲ ਵਿਚ ਮੌਜੂਦ ਕਿਸੇ ਬੱਚੇ ਦਾ ਨੁਕਸਾਨ ਨਹੀਂ ਹੋਇਆ। 

ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੰਨੇ ਨੂੰ ਇਕ ਮਰਦ ਅਤੇ ਇਕ ਔਰਤ ਆਏ ਤੇ ਉਨ੍ਹਾਂ ਨੇ ਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ ਪਰ ਬੱਤਰਾ ਦਾ ਬਚਾਅ ਹੋ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬੱਚਿਆਂ ਵਿਚ ਚੀਕ ਚਿਹਾੜਾ ਪੈ ਗਿਆ। ਦੂਜੇ ਅਧਿਆਪਕ ਅਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ ‘ਤੇ ਪੁੱਜੇ ਤਾਂ ਹਮਲਾਵਰ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਦੂਜਾ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਜਾਣਕਾਰੀ ਦਿੰਦੇ ਹੋਏ ਅਧਿਆਪਕ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਿਸ ਨਾਲ ਉਸਦਾ ਪੁਰਾਣਾ ਮਸਲਾ ਚੱਲ ਰਿਹਾ ਹੈ, ਉਹ ਆਪਣੀ ਪਤਨੀ ਨਾਲ ਆਇਆ ਜਿਸ ਨੇ ਸਕੂਲ ਅੰਦਰ ਹੀ ਉਸ ਵੱਲ ਦੋ ਫ਼ਾਇਰ ਕੀਤੇ। ਇਸ ਤੋਂ ਬਾਅਦ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਬਾਅਦ ‘ਚ ਉਕਤ ਮੁਲਜ਼ਮ ਵਲੋਂ ਉਸ ਵੱਲ ਕੁਰਸੀ ਵਗਾਹ ਕੇ ਮਾਰੀ ਸਕੂਲ ‘ਚੋਂ ਫਰਾਰ ਹੋ ਗਿਆ। ਉਧਰ ਥਾਣਾ ਸਾਦਿਕ ਦੇ ਥਾਣਾ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਵਾਂ ਧਿਰਾਂ ‘ਚ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਅਪਕ ਮਨਦੀਪ ਸਿੰਘ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੀ ਸ਼ਿਕਾਇਤ ‘ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *