ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਕੱਲ੍ਹ ਪੰਜਾਬ ਵਿਚ ਅੱਧੀ ਰਾਤ ਤੋਂ ਸ਼ੁਰੂ ਹੋਈ ਬਰਸਾਤ ਦੁਪਹਿਰ ਤਕ ਲਗਾਤਾਰ ਜਾਰੀ ਰਹੀ। ਇਸ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੀ ਰਾਹਤ ਮਿਲੀ ਹੈ। ਉੱਥੇ ਹੀ ਅੱਜ ਸਵੇਰ ਤੋਂ ਇਕ ਵਾਰ ਫ਼ਿਰ ਕਈ ਇਲਾਕਿਆਂ ਵਿਚ ਸੰਘਣੇ ਬੱਦਲ ਛਾਏ ਹੋਏ ਹਨ, ਜਿਸ ਨਾਲ ਕਈ ਇਲਾਕਿਆਂ ਵਿਚ ਤਾਂ ਇਕ ਵਾਰ ਘੁੱਪ ਹਨੇਰਾ ਵੀ ਛਾ ਗਿਆ। ਕਈ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਵੀ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਵੱਲੋਂ ਇਸ ਪੂਰੇ ਹਫ਼ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਭਰ ਵਿਚ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲੇਗਾ। ਉੱਥੇ ਹੀ ਕਈ ਥਾਵਾਂ ‘ਤੇ ਬਾਰਿਸ਼ ਤੇਜ਼ ਹੋਵੇਗੀ। ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਵਿਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਉੱਥੇ ਹੀ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਅੱਜ ਸਵੇਰੇ ਤਕਰੀਬਨ 10.30 ਵਜੇ ਤਕ ਸੰਗਰੂਰ, ਪਟਿਆਲਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ ਤੇ ਕਪੂਰਥਲਾ ਵਿਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ 30-40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮੌਜੂਦਾ ਪੰਜਾਬ ਭਵਿੱਖਬਾਣੀ:23/07/2025
ਸੰਗਰੂਰ , ਪਟਿਆਲਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਵਿਭਾਗ ਨੇ 28 ਜੁਲਾਈ ਤਕ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਲਗਾਤਾਰ ਬਾਰਿਸ਼ ਪੈਣ ਨਾਲ ਸੂਬੇ ਦੇ ਤਾਪਮਾਨ ਵਿਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਵੱਧ ਤੋਂ ਵੱਧ ਤਾਪਮਾਨ 30-35 ਡਿਗਰੀ ਦੇ ਦਰਮਿਆਨ ਬਣਿਆ ਹੋਇਆ ਹੈ।
