ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਾਲੇਰਕੋਟਲਾ ਵਿਖੇ ਹੋਏ “ਸ਼ਾਮ-ਏ-ਈਦ” ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇੱਥੋਂ ਦੀ ਅਵਾਮ ਨੂੰ ਈਦ ਦੀ ਵਧਾਈ ਦਿੱਤੀ ਅਤੇ ਪੰਜਾਬ ‘ਚ ਭਾਈਚਾਰੇ, ਪਿਆਰ ਤੇ ਇੱਕਜੁੱਟਤਾ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ।
ਇਸ ਸਮਾਗਮ ‘ਚ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ, ਵਧੀਕ ਮਹਿਲਕਲਾ ਕੁਲਵੰਤ ਸਿੰਘ, ਪੰਜਾਬੀ ਅਦਾਕਾਰ ਹੋਬੀ ਧਾਲੀਵਾਲ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਸਮੇਤ ਕਈ ਹੋਰ ਮਹੱਤਵਪੂਰਨ ਹਸਤੀਆਂ ਹਾਜ਼ਰ ਸਨ।
ਸਮਾਗਮ ਵਿੱਚ ਲਵਜੀਤ ਤੇ ਮੰਗਲਮੰਗੀ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਸੂਫ਼ੀ ਗੀਤਾਂ ਤੇ ਲੋਕ-ਸੰਗੀਤ ਨਾਲ ਮੌਹਲ ਨੂੰ ਰੰਗੀਨ ਬਣਾ ਦਿੱਤਾ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਾਲੇਰਕੋਟਲਾ ਦੀ ਸਾਂਝੀ ਵਿਰਾਸਤ ਤੇ ਸ਼ਾਂਤੀਪ੍ਰਿਯ ਵਾਤਾਵਰਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਸ਼ਾਮ-ਏ-ਈਦ” ਵਰਗੇ ਸਮਾਗਮ ਸਾਨੂੰ ਪਿਆਰ ਤੇ ਇੱਕਜੁੱਟਤਾ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ “ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ” ਮੁਹਿੰਮ ਦੀ ਤਾਰੀਫ਼ ਕੀਤੀ ਤੇ ਲੋਕਾਂ ਨੂੰ ਇਸ ‘ਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।
ਸਪੀਕਰ ਨੇ ਕਿਹਾ ਕਿ ਸੂਫ਼ੀ ਸੰਗੀਤ ਪੰਜਾਬ ਦੀ ਸੰਸਕ੍ਰਿਤਿਕ ਪਛਾਣ ਹੈ, ਜੋ ਰੂਹਾਨੀਅਤ, ਪਿਆਰ ਅਤੇ ਸ਼ਾਂਤੀ ਦਾ ਪੈਗਾਮ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੂਫ਼ੀ ਕਲਾਮ, ਗ਼ਜ਼ਲ, ਤੇ ਪੰਜਾਬ ਦੀ ਧਾਰਮਿਕ-ਸੰਗੀਤਕ ਵਿਰਾਸਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ।
ਸਮਾਗਮ ਦੌਰਾਨ ਪੰਜਾਬੀ ਅਦਾਕਾਰ ਹੋਬੀ ਥਾਲੀਵਾਲ ਦੀ ਧਰਮਪਤਨੀ ਦਾ ਜਨਮਦਿਨ ਵੀ ਮਨਾਇਆ ਗਿਆ, ਜਿੱਥੇ ਉਨ੍ਹਾਂ ਦਾ ਕੇਕ ਕੱਟ ਕੇ ਸਮਾਗਮ ਨੂੰ ਹੋਰ ਖੁਸ਼ਨੁਮਾ ਬਣਾਇਆ ਗਿਆ।ਇਸ ਮੌਕੇ ਐਸ.ਪੀ. ਸਵਰਨਜੀਤ ਕੌਰ, ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰ ਅਲੀ, ਸਮਰਜੀਤ ਸਿੰਘ, ਗੁਰਸਿਮਰਨ ਸਿੰਘ ਤੇ ਹੋਰ ਕਈ ਪ੍ਰਸਿੱਧ ਵਿਅਕਤੀ ਹਾਜ਼ਰ ਸਨ।
ਸਪੀਕਰ ਨੇ ਇਨ੍ਹਾਂ ਤਰ੍ਹਾਂ ਦੇ ਸਮਾਗਮ ਲਗਾਤਾਰ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਪੰਜਾਬੀ ਲੋਕ ਧਰਮ, ਸੱਭਿਆਚਾਰ ਅਤੇ ਇੱਕ-ਦੂਜੇ ਦੇ ਸਨਮਾਨ ਨੂੰ ਅੱਗੇ ਵਧਾ ਸਕਣ।