ਮੁਫ਼ਤ ਬਿਜਲੀ ਦਾ ਝਾਂਸਾ ਦੇ ਕੇ ਪੰਜਾਬ ਨੂੰ ਬਿਜਲੀ ਮੁਕਤ ਕੀਤਾ : ਐੱਨਕੇ ਸ਼ਰਮਾ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਬਿਜਲੀ ਸਪਲਾਈ ਦੇ ਮੁੱਦੇ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਦਾ ਝਾਂਸਾ ਦੇਣ ਵਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਮੁਕਤ ਕਰ ਦਿੱਤਾ ਹੈ। ਗੇਟਵੇ ਆਫ਼ ਪੰਜਾਬ ਦੇ ਨਾਮ ਵਜੋਂ ਮਸ਼ਹੂਰ ਜ਼ੀਰਕਪੁਰ ਵਿੱਚ ਕਈ-ਕਈ ਘੰਟੇ ਬਿਜਲੀ ਨਹੀਂ ਆ ਰਹੀ ਹੈ। ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਜ਼ੀਰਕਪੁਰ ਵਿੱਚ 31 ਵਾਰਡਾਂ ਦੇ ਨੁਮਾਇੰਦੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਸਾਬਕਾ ਵਿਧਾਇਕ ਕੋਲ ਪਹੁੰਚੇ ਸਨ। ਗਰੀਨ ਹੋਮ ਸੁਸਾਇਟੀ ਦੇ ਪ੍ਰਧਾਨ ਬਾਬਾ ਰਾਮ ਜੰਜੂਆ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਿੱਚ 12-12 ਘੰਟੇ ਬਿਜਲੀ ਕੱਟ ਲੱਗ ਰਹੇ ਹਨ ਅਤੇ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਢਕੌਲੀ ਤੋਂ ਆਏ ਦਿਨੇਸ਼ ਭਾਰਦਵਾਜ ਨੇ ਕਿਹਾ ਕਿ ਮੋਬਾਈਲ ਐਪ ਜਾਂ ਆਨਲਾਈਨ ਸ਼ਿਕਾਇਤ ਕਰਨ ਤੋਂ ਬਾਅਦ ਕਾਲ ਸੈਂਟਰ ਵਾਲੇ ਤਿੰਨ-ਤਿੰਨ ਘੰਟੇ ਤਕ ਉਸ ਨੂੰ ਅੱਗੇ ਟਰਾਂਸਫ਼ਰ ਨਹੀਂ ਕਰਦੇ। ਆਫ਼ਲਾਈਨ ਸ਼ਿਕਾਇਤ ਕਰਨ ਲਈ ਇੱਥੇ ਕੋਈ ਏਕੀਕ੍ਰਿਤ ਕੇਂਦਰ ਨਹੀਂ ਬਣਾਇਆ ਗਿਆ ਹੈ। ਅਮੋਲਕ ਇਨਕਲੇਵ ਵਾਸੀ ਅਮਨਦੀਪ ਸੈਣੀ ਅਤੇ ਕਈ ਹੋਰਨਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਨਾਭਾ ਸਾਹਿਬ ਦੇ ਐਰੋ ਹੋਮ ਵਿੱਚ ਤਿੰਨ ਦਿਨਾਂ ਲਈ ਬਿਜਲੀ ਸਪਲਾਈ ਠੱਪ ਰਹੀ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸਾਬਕਾ ਵਿਧਾਇਕ ਨੇ ਕਿਹਾ ਕਿ ਸਾਲ 2017 ਵਿੱਚ ਜ਼ੀਰਕਪੁਰ ਦੀ ਆਬਾਦੀ 2.5 ਲੱਖ ਸੀ, ਜੋ ਅੱਜ ਵੱਧ ਕੇ 6.5 ਲੱਖ ਹੋ ਗਈ ਹੈ। ਇਸ ਦੇ ਬਾਵਜੂਦ ਨਾ ਤਾਂ ਇੱਥੇ ਨਵੇਂ ਗਰਿੱਡ ਲਗਾਏ ਗਏ ਹਨ ਅਤੇ ਨਾ ਹੀ ਨਵੇਂ ਟਰਾਂਸਫਾਰਮਰ ਦਾ ਪ੍ਰਬੰਧ ਕੀਤਾ ਗਿਆ ਹੈ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਹੈ। ਜਨਤਾ ਦੀ ਸੁਣਵਾਈ ਕਰਨ ਵਾਲਾ ਅੱਜ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਨਾਮ ’ਤੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦੋਂ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲੇਗੀ, ਤਾਂ ਇਹ ਮੁਫ਼ਤ ਆਪਣੇ ਆਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਜਲਦੀ ਹੀ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *