ਹੁਸ਼ਿਆਰਪੁਰ- ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ ਤੋਂ ਮਸ਼ਹੂਰ ਸਮਾਜ ਸੇਵੀ ਅਤੇ ਯੂ-ਟਿਊਬਰ ਸਿਮਰਨ ਉਰਫ਼ ਸੈਮ ਦੇ ਘਰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਉਕਤ ਘਟਨਾ ਸੀ. ਸੀ. ਟੀ. ਵੀ. ਵਿੱਚ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ ਡੇਢ ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਮੁਹੱਲਾ ਮਾਡਲ ਟਾਊਨ ਮਸ਼ਹੂਰ ਸਮਾਜ ਸੇਵੀ ਅਤੇ ਯੂ-ਟਿਊਬਰ ਸੈਮ ਦੇ ਘਰ ਦੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਫਾਇਰ ਕੀਤੇ ਗਏ। ਦੱਸ ਦਈਏ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਯੂ-ਟਿਊਬਰ ਪੇਜ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੋਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਦੀ ਤਰ੍ਹਾਂ ਉਸ ਦੇ ਘਰ ‘ਤੇ ਵੀ ਗ੍ਰੇਨੇਡ ਹਮਲਾ ਕੀਤਾ ਜਾਵੇਗਾ। ਹੁਸ਼ਿਆਰਪੁਰ ਪੁਲਸ ਵੱਲੋਂ ਸੈਮ ਨੂੰ ਗਨਮੈਨ ਵੀ ਮੁਹੱਈਆ ਕਰਵਾਏ ਗਏ ਹਨ।

ਜਾਣਕਾਰੀ ਦਿੰਦੇ ਹੋਏ ਸਿਮਰਨ ਉਰਫ਼ ਸੈਮ ਨੇ ਦੱਸਿਆ ਕੀ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਮਾਡਲ ਟਾਊਨ ਵਿਖੇ ਸੁੱਤੇ ਪਏ ਸੀ ਤਾਂ ਡੇਢ ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ ਅਤੇ ਉਨ੍ਹਾਂ ਦੇ ਪੇਟ ਦੇ ਉੱਤੇ ਦੋ ਫਾਇਰ ਕਰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਅੱਖ ਖੁੱਲ੍ਹੀ ਅਤੇ ਉਨ੍ਹਾਂ ਨੇ ਬਾਹਰ ਆ ਕੇ ਵੇਖਿਆ ਤਾਂ ਬਾਹਰ ਦੋ ਖੋਲ੍ਹ ਪਏ ਸਨ। ਇਸ ਦੇ ਤੁਰੰਤ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਪੁਲਸ ਨੂੰ ਇਤਲਾਹ ਕੀਤੀ। ਇਸ ਦੇ ਬਾਅਦ ਮਾਡਲ ਟਾਊਨ ਪੁਲਸ ਨੇ ਆ ਕੇ ਖੋਲ੍ਹ ਆਪਣੇ ਕਬਜ਼ੇ ਵਿੱਚ ਲੈ ਕੇ ਸੀ. ਸੀ. ਟੀ. ਵੀ. ਦੇ ਆਧਾਰ ‘ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

ਸਿਮਰਨ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਸਾਲ ਪਹਿਲਾਂ ਉਸ ਨੂੰ ਪਾਕਿਸਤਾਨ ਦੇ ਮਸ਼ਹੂਰ ਡਾਉਣ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਵਿੱਚ ਸੁੱਟੇ ਗ੍ਰਨੇਡ ਦੀ ਤਰ੍ਹਾਂ ਉਸ ਦੇ ਘਰ ‘ਤੇ ਵੀ ਗ੍ਰਨੇਡ ਨਾਲ ਹਮਲਾ ਕੀਤਾ ਜਾਵੇਗਾ। ਸਿਮਰਨ ਅਤੇ ਉਸ ਦੇ ਪਰਿਵਾਰ ਨੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬੇਸ਼ਕ ਪੁਲਸ ਵੱਲੋਂ ਉਨ੍ਹਾਂ ਨੂੰ ਦੋ ਗਨਮੈਨ ਮੁਹੱਈਆ ਕਰਵਾਏ ਗਏ ਹਨ ਪਰ ਉਨ੍ਹਾਂ ਵਿੱਚੋਂ ਇਕ ਪੁਲਸ ਮੁਲਾਜ਼ਮ ਦੀ ਲੱਤ ਖਰਾਬ ਹੋਣ ਕਾਰਨ ਉਹ ਸਹੀ ਤਰ੍ਹਾਂ ਆਪਣੀ ਡਿਊਟੀ ਨਹੀਂ ਕਰ ਸਕਦਾ। ਇਸ ਲਈ ਉਨ੍ਹਾਂ ਨੂੰ ਸਹੀ ਮੈਡੀਕਲ ਫਿਟ ਗਨਮੈਨ ਦਿੱਤੇ ਜਾਣ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋ ਸਕੇ।


