ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ ਕੰਮ ਕਰ ਰਹੇ ਇੱਕ ਪੰਜਾਬੀ ਸਿੱਖ ਨੌਜਵਾਨ ਨਾਲ ਜੁੜੀ ਘਟਨਾ ਨੇ ਨਸਲੀ ਟਿੱਪਣੀਆਂ ਅਤੇ ਧਾਰਮਿਕ ਸੰਵੇਦਨਸ਼ੀਲਤਾ ਬਾਰੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਮੁਤਾਬਕ, ਇੱਕ ਗ੍ਰੋਸਰੀ ਸਟੋਰ ’ਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸਿੱਖ ਨੌਜਵਾਨ ਅਤੇ ਇੱਕ ਮਹਿਲਾ ਦਰਮਿਆਨ ਤਿੱਖੀ ਬਹਿਸ ਹੋ ਗਈ, ਜੋ ਬਾਅਦ ਵਿੱਚ ਵੱਡੇ ਵਿਵਾਦ ਦਾ ਰੂਪ ਧਾਰ ਗਈ।
ਦੱਸਿਆ ਜਾ ਰਿਹਾ ਹੈ ਕਿ ਸਟੋਰ ਵਿੱਚ ਸਮਾਨ ਨੂੰ ਬੇਤਰਤੀਬ ਢੰਗ ਨਾਲ ਰੱਖਣ ਤੋਂ ਰੋਕਣ ’ਤੇ ਪਹਿਲਾਂ ਤਕਰਾਰ ਸ਼ੁਰੂ ਹੋਈ। ਇਸ ਦੌਰਾਨ ਮਹਿਲਾ ਵੱਲੋਂ ਸਿੱਖ ਨੌਜਵਾਨ ’ਤੇ ਨਸਲੀ ਟਿੱਪਣੀਆਂ ਕਰਨ ਦੇ ਦੋਸ਼ ਲਗੇ ਹਨ। ਇਨ੍ਹਾਂ ਟਿੱਪਣੀਆਂ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ।
ਆਰੋਪ ਹੈ ਕਿ ਬਹਿਸ ਦੌਰਾਨ ਮਹਿਲਾ ਨੇ ਨੌਜਵਾਨ ਦੀ ਦਸਤਾਰ ਅਤੇ ਦਾੜ੍ਹੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਸਿੱਖ ਧਾਰਮਿਕ ਮਰਿਆਦਾਂ ਦੇ ਉਲਟ ਮੰਨਿਆ ਜਾਂਦਾ ਹੈ। ਇਸ ਘਟਨਾ ਨਾਲ ਗੁੱਸੇ ਵਿੱਚ ਆਏ ਸਿੱਖ ਸੁਰੱਖਿਆ ਗਾਰਡ ਨੇ ਮਹਿਲਾ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ।
ਘਟਨਾ ਤੋਂ ਬਾਅਦ ਮਹਿਲਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿੱਚ ਉਸਨੇ ਸੁਰੱਖਿਆ ਗਾਰਡ ’ਤੇ ਹਮਲੇ ਦੇ ਦੋਸ਼ ਲਗਾਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਸਟੋਰ ਪ੍ਰਬੰਧਨ ਨੇ ਵੀ ਤੁਰੰਤ ਕਦਮ ਚੁੱਕਦਿਆਂ ਸੁਰੱਖਿਆ ਗਾਰਡ ਨੂੰ ਘਟਨਾ ਤੋਂ ਬਾਅਦ ਡਿਊਟੀ ਤੋਂ ਹਟਾ ਦਿੱਤਾ ਹੈ। ਇਸ ਫੈਸਲੇ ਨਾਲ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਅਤੇ ਗੁੱਸਾ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਮਾਮਲਾ ਧਾਰਮਿਕ ਅਸਮਾਨਤਾ ਅਤੇ ਨਸਲੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਇਹ ਘਟਨਾ ਕੈਨੇਡਾ ਵਰਗੇ ਬਹੁ-ਸੰਸਕ੍ਰਿਤਕ ਦੇਸ਼ ਵਿੱਚ ਆਪਸੀ ਸਨਮਾਨ ਅਤੇ ਧਾਰਮਿਕ ਸੰਵੇਦਨਸ਼ੀਲਤਾ ਦੀ ਅਹਿਮੀਅਤ ਨੂੰ ਇੱਕ ਵਾਰ ਫਿਰ ਉਭਾਰਦੀ ਹੈ। ਹੁਣ ਸਭ ਦੀ ਨਜ਼ਰ ਪੁਲਿਸ ਜਾਂਚ ’ਤੇ ਟਿਕੀ ਹੋਈ ਹੈ, ਜੋ ਇਹ ਤੈਅ ਕਰੇਗੀ ਕਿ ਕਾਨੂੰਨੀ ਤੌਰ ’ਤੇ ਅਗਲਾ ਕਦਮ ਕੀ ਹੁੰਦਾ ਹੈ।
