ਨੈਸ਼ਨਲ ਟਾਈਮਜ਼ ਬਿਊਰੋ :- ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਮੁੱਖ ਕਲਾਕਾਰਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਚਕਾਰ ਮੁਲਾਕਾਤ ਕਰਵਾਈ ਹੈ। ਇਸ ਮੌਕੇ ਹਰਿਆਣਾ ਵਿਚ ਪੰਜਾਬੀ ਫਿਲਮਾਂ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰੋਤਸਾਹਨ ਨੂੰ ਲੈ ਕੇ ਰਚਨਾਤਮਕ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁਲਾਕਾਤ ਦੌਰਾਨ ਕਲਾਕਾਰਾਂ ਨੇ ਮੁੱਖ ਮੰਤਰੀ ਸੈਣੀ ਨਾਲ ਆਪਣੀਆਂ ਮੰਗਾਂ ਤੇ ਸੁਝਾਅ ਸਾਂਝੇ ਕੀਤੇ ਜਿਨ੍ਹਾਂ ਵਿਚ ਫਿਲਮ ਨਿਰਮਾਣ ਲਈ ਉਚਿਤ ਮਾਹੌਲ, ਸ਼ੂਟਿੰਗ ਸਥਾਨਾਂ ਦੀ ਉਪਲੱਬਧਤਾ, ਟੈਕਸ ਰਾਹਤ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਖ਼ਾਸ ਯੋਜਨਾਵਾਂ ਸ਼ਾਮਲ ਸਨ। ਸੈਣੀ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਸਰਕਾਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੱਕੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਸੱਭਿਆਚਾਰਕ ਰਿਸ਼ਤੇ ਗਹਿਰੇ ਹਨ ਅਤੇ ਪੰਜਾਬੀ ਫਿਲਮਾਂ ਰਾਹੀਂ ਇਹ ਰਿਸ਼ਤੇ ਹੋਰ ਮਜ਼ਬੂਤ ਕੀਤੇ ਜਾ ਸਕਦੇ ਹਨ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਪੰਜਾਬੀ ਮਾਤ ਭਾਸ਼ਾ, ਸ਼ਾਨਦਾਰ ਵਿਰਾਸਤ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਸਾਡੀ ਸੱਭਿਆਚਾਰ, ਭਾਸ਼ਾ ਅਤੇ ਰਿਵਾਜਾਂ ਦਾ ਜੀਵੰਤ ਦਸਤਾਵੇਜ਼ ਹੈ। ਹਰਿਆਣਾ ਵਰਗੇ ਗੁਆਂਢੀ ਰਾਜ ਵਿਚ ਪੰਜਾਬੀ ਫਿਲਮਾਂ ਨੂੰ ਵਾਧਾ ਮਿਲਣ ਨਾਲ ਨਾ ਸਿਰਫ਼ ਕਲਾਕਾਰਾਂ ਨੂੰ ਲਾਭ ਹੋਵੇਗਾ, ਸਗੋਂ ਭਾਸ਼ਾ ਤੇ ਸੱਭਿਆਚਾਰ ਦਾ ਪ੍ਰਸਾਰ ਵੀ ਵੱਡੇ ਪੱਧਰ ’ਤੇ ਹੋਵੇਗਾ। ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ ਮੁਰੁਗਨ ਨਾਲ ਮੁਲਾਕਾਤ ਕਰ ਕੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ’ਤੇ ਚਰਚਾ ਕੀਤੀ ਸੀ। ਉਸ ਵੇਲੇ ਵੀ ਉਨ੍ਹਾਂ ਨੇ ਉਦਯੋਗ ਦੇ ਹਿੱਤ ‘ਚ ਨੀਤੀਗਤ ਬਦਲਾਵਾਂ ਅਤੇ ਪ੍ਰੋਤਸਾਹਨ ਯੋਜਨਾਵਾਂ ਦੀ ਵਕਾਲਤ ਕੀਤੀ ਸੀ।
ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਮੌਜੂਦ ਸਨ। ਇਨ੍ਹਾਂ ਵਿਚ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਬਿੰਨੂ ਢਿੱਲੋਂ, ਰਾਜ ਧਾਲੀਵਾਲ, ਬੀਐੱਨ ਸ਼ਰਮਾ, ਸ਼ਵਿੰਦਰ ਸਿੰਘ ਮਾਹਲ, ਕਰਮਜੀਤ ਅਨਮੋਲ, ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ, ਮਸ਼ਹੂਰ ਲੇਖਕ ਅਤੇ ਕਲਾਕਾਰ ਮਦਨ ਸ਼ੌਂਕੀ ਸਮੇਤ ਹੋਰ ਹਸਤੀਆਂ ਸ਼ਾਮਲ ਸਨ ਜਿਨ੍ਹਾਂ ਨੇ ਇਕ ਸੁਰ ਵਿਚ ਹਰਿਆਣਾ ਵਿਚ ਪੰਜਾਬੀ ਫਿਲਮਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ।