ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ (9 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਲੁਧਿਆਣਾ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਤੋਂ ਲਗਭਗ 30 ਮੀਟਰ ਦੀ ਦੂਰੀ ‘ਤੇ ਕੀਤਾ ਜਾਵੇਗਾ। ਉੱਥੇ ਇੱਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ।
ਰਾਜਵੀਰ ਜਵੰਦਾ ਦਾ ਕੱਲ੍ਹ ਬੁੱਧਵਾਰ (8 ਅਕਤੂਬਰ) ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ 35 ਸਾਲ ਦੀ ਛੋਟੀ ਉਮਰ ਵਿੱਚ ਸਵੇਰੇ 10:55 ਵਜੇ ਆਖਰੀ ਸਾਹ ਲਿਆ। ਫੋਰਟਿਸ ਹਸਪਤਾਲ ਨੇ ਇੱਕ ਮੈਡੀਕਲ ਬੁਲੇਟਿਨ ਵਿੱਚ ਕਿਹਾ ਕਿ ਜਵੰਦਾ ਦੇ ਮਲਟੀ-ਆਰਗਨ ਫੇਲ੍ਹ ਹੋ ਗਏ ਸਨ।
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਮੋਹਾਲੀ ਦੇ ਸੈਕਟਰ -71 ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮਾਂ, ਪਤਨੀ ਅਤੇ ਬੱਚਿਆਂ ਨੇ ਅੰਤਿਮ ਸ਼ਰਧਾਂਜਲੀ ਦਿੱਤੀ। ਫਿਰ ਮੋਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਉਸ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਪੌਨਾ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਜੱਦੀ ਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਗਾਇਕਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਬੀਤੀ ਰਾਤ ਤੋਂ ਹੀ ਪਿੰਡ ਵਿੱਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਰਹੀ ਹੈ।
27 ਸਤੰਬਰ ਨੂੰ ਵਾਪਰਿਆ ਸੀ ਹਾਦਸਾ
ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਵੀ ਪਿਆ ਸੀ। ਉਸਦੀ ਹਾਲਤ ਬਹੁਤ ਨਾਜ਼ੁਕ ਸੀ। ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਸੀ।
