ਪੰਜਾਬ ਦੀ ਕਰਜ਼ਾ ਸੀਮਾ ਲਗਭਗ ਖ਼ਤਮ, 99.94% ਵਰਤੋਂ ਹੋਈ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ਦੀ ਕਰਜ਼ਾ ਸੀਮਾ ਤਕਰੀਬਨ ਖ਼ਤਮ ਕਰ ਲਈ ਹੈ। ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਕਰਜ਼ਾ ਸੀਮਾ ’ਚੋਂ ਪੰਜਾਬ ਨੇ 99.94 ਫ਼ੀਸਦ ਕਰਜ਼ਾ ਸੀਮਾ ਮੁਕਾ ਲਈ ਹੈ। ਹਾਲਾਂਕਿ ਪੂਰਾ ਮਾਰਚ ਮਹੀਨਾ ਹਾਲੇ ਬਾਕੀ ਪਿਆ ਹੈ। ਪੰਜਾਬ ਸਰਕਾਰ 28 ਫਰਵਰੀ ਤੱਕ ਖੁੱਲ੍ਹੀ ਮਾਰਕੀਟ ’ਚੋਂ 38,830 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ, ਜਦਕਿ ਇਸ ਵਿੱਤੀ ਵਰ੍ਹੇ ਦੀ ਪ੍ਰਵਾਨਿਤ ਕਰਜ਼ਾ ਸੀਮਾ 38,852 ਕਰੋੜ ਰੁਪਏ ਸੀ। ਸੂਬਾ ਸਰਕਾਰ ਮਾਰਚ ਮਹੀਨੇ ’ਚ ਹੁਣ ਸਿਰਫ਼ 22 ਕਰੋੜ ਰੁਪਏ ਦਾ ਕਰਜ਼ਾ ਹੀ ਚੁੱਕ ਸਕੇਗੀ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਰਾਜ ਸਭਾ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੇ ਇਹ ਵੇਰਵੇ ਸਾਂਝੇ ਕੀਤੇ ਹਨ। ਸੰਸਦ ਮੈਂਬਰ ਸੰਧੂ ਨੇ ਵਿੱਤੀ ਸਾਲ 2023-24 ਅਤੇ ਸਾਲ 2024-25 ਦੌਰਾਨ ਸੂਬਿਆਂ ਦੀ ਕਰਜ਼ਾ ਸੀਮਾ ਅਤੇ ਕਰਜ਼ਾ ਸੀਮਾ ਦੀ ਵਰਤੋਂ ਬਾਰੇ ਸਵਾਲ ਪੁੱਛਿਆ ਸੀ। ਸੂਬਿਆਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਵੀ ਗੱਲ ਰੱਖੀ ਗਈ। ਪਿਛਲੇ ਵਿੱਤੀ ਸਾਲ ਦੌਰਾਨ ਪੰਜਾਬ ਨੇ 42,387 ਕਰੋੜ ਦੀ ਕਰਜ਼ਾ ਸੀਮਾ ਦੇ ਖ਼ਿਲਾਫ਼ 42,386 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ।ਪਿਛਲੇ ਸਾਲ ਸੂਬਾ ਸਰਕਾਰ ਨੇ ਲਗਪਗ ਸੌ ਫ਼ੀਸਦੀ ਕਰਜ਼ਾ ਸੀਮਾ ਦੀ ਵਰਤੋਂ ਕੀਤੀ ਸੀ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਲੂ ਮਾਲੀ ਵਰ੍ਹੇ ਦੌਰਾਨ ਕਰਜ਼ਾ ਸੀਮਾ 3,535 ਕਰੋੜ ਰੁਪਏ ਘਟ ਗਈ ਹੈ। ਵੇਰਵਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਪਹਿਲਾਂ ਕਰਜ਼ਾ ਸੀਮਾ 30,464 ਕਰੋੜ ਰੁਪਏ ਸੀ ਅਤੇ ਸੂਬਾ ਸਰਕਾਰ ਨੇ ਇਸ ਪ੍ਰਵਾਨਿਤ ਸੀਮਾ ਵਿੱਚ 10 ਹਜ਼ਾਰ ਕਰੋੜ ਦਾ ਵਾਧਾ ਕਰਨ ਦਾ ਤਰਕ ਪੇਸ਼ ਕੀਤਾ ਸੀ ਕਿਉਂਕਿ ਕੇਂਦਰ ਸਰਕਾਰ ਨੇ ਪਾਵਰਕੌਮ ਦੇ ਵਿੱਤੀ ਘਾਟਿਆਂ ਦੇ ਹਵਾਲੇ ਨਾਲ ਸੂਬਾ ਸਰਕਾਰ ਦੀ ਕਰਜ਼ਾ ਹੱਦ ਵਿਚ 2,387 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਸੀ।ਬਾਅਦ ਵਿੱਚ ਕੇਂਦਰੀ ਵਿੱਤ ਮੰਤਰਾਲਾ ਸੂਬਾ ਸਰਕਾਰ ਦੇ ਤਰਕ ਨਾਲ ਸਹਿਮਤ ਹੋ ਗਿਆ, ਜਿਸ ਵਜੋਂ ਕਰਜ਼ਾ ਸੀਮਾ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਪਾਵਰਕੌਮ ਨੇ ਸੂਬਾ ਸਰਕਾਰ ਦੀ ਕਰਜ਼ਾ ਸੀਮਾ ਵਿਚ ਕਟੌਤੀ ਦੀ ਕਾਟ ਕਰਨ ਲਈ ਪਾਵਰਕੌਮ ਵਿੱਚ ਕੀਤੇ ਸੁਧਾਰਾਂ ਦਾ ਵੀ ਹਵਾਲਾ ਦਿੱਤਾ ਸੀ। ਰਾਜ ਸਭਾ ’ਚ ਸਾਂਝੇ ਕੀਤੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਦੇਸ਼ ਭਰ ’ਚੋਂ ਸਭ ਤੋਂ ਵੱਧ ਕਰਜ਼ਾ ਸੀਮਾ ਮਹਾਰਾਸ਼ਟਰ ਦੀ ਹੈ, ਜਿਸ ਵੱਲੋਂ ਚਾਲੂ ਸਾਲ ’ਚ 79.04 ਫ਼ੀਸਦੀ ਦੀ ਵਰਤੋਂ ਹੀ ਕੀਤੀ ਗਈ ਹੈ। ਦੂਜਾ ਨੰਬਰ ਤਾਮਿਲਨਾਡੂ ਦਾ ਹੈ, ਜਿਸ ਨੇ 79.04 ਫ਼ੀਸਦੀ ਕਰਜ਼ਾ ਸੀਮਾ ਦੀ ਵਰਤੋਂ ਕਰ ਲਈ ਹੈ ਅਤੇ ਤੀਜੇ ਨੰਬਰ ’ਤੇ ਪੱਛਮੀ ਬੰਗਾਲ ਹੈ, ਜਿਸ ਨੇ ਆਪਣੀ 51,500 ਕਰੋੜ ਦੀ ਕਰਜ਼ਾ ਸੀਮਾ ’ਚੋਂ 51.63 ਫ਼ੀਸਦੀ ਦੀ ਵਰਤੋਂ ਕਰ ਲਈ ਹੈ। ਮੱਧ ਪ੍ਰਦੇਸ਼ ਦਾ ਚੌਥਾ ਨੰਬਰ ਹੈ।ਸਿਰਫ ਬਿਹਾਰ ਅਤੇ ਮੇਘਾਲਿਆ ਨੇ ਹੀ ਆਪਣੀ ਕਰਜ਼ਾ ਸੀਮਾ ਦੀ ਵਰਤੋਂ ਸੌ ਫ਼ੀਸਦੀ ਕੀਤੀ ਹੈ। ਇਨ੍ਹਾਂ ਦੋਵੇਂ ਸੂਬਿਆਂ ਤੋਂ ਇਲਾਵਾ ਅਗਲਾ ਨੰਬਰ ਪੰਜਾਬ ਦਾ ਹੈ, ਜਿਸ ਵੱਲੋਂ ਕਰਜ਼ਾ ਸੀਮਾ ਦੀ ਵਰਤੋਂ 99.94 ਫ਼ੀਸਦੀ ਕੀਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *