ਹਿਮਾਚਲ ਦੇ ਉਦਯੋਗਾਂ ਨਾਲ ਪੰਜਾਬ ਦਾ ਜਲ ਪ੍ਰਦੂਸ਼ਿਤ, ਹਰਜੋਤ ਬੈਂਸ ਨੇ ਸੁੱਖੂ ਨੂੰ ਪੱਤਰ ਲਿਖਿਆ

ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰਾਂ ਤੋਂ ਨਿਕਲ ਰਹੇ ਦੂਸ਼ਿਤ ਪਾਣੀ ਕਾਰਨ ਪੰਜਾਬ ਦੇ ਜਲ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ। ਇਸ ਗੰਭੀਰ ਸਮੱਸਿਆ ਨੂੰ ਉੱਭਾਰਦੇ ਹੋਏ, ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ. ਸੁਖਵਿੰਦਰ ਸਿੰਘ ਸੁੱਖੂ ਨੂੰ ਪੱਤਰ ਲਿਖ ਕੇ ਤੁਰੰਤ ਹੱਲ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਸ. ਬੈਂਸ ਨੇ ਆਪਣੇ ਪੱਤਰ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਜ਼ੋਨਾਂ ਤੋਂ ਸਵਾਂ ਨਦੀ ਅਤੇ ਬਰਮਲਾ ਖੱਡ ਵਿੱਚ ਵਹਿਣ ਵਾਲੀ ਖਤਰਨਾਕ ਉਦਯੋਗਿਕ ਰਹਿੰਦ-ਖੂੰਹਦ ਅੰਤ ਵਿੱਚ ਸਤਲੁਜ ਦਰਿਆ ਵਿੱਚ ਮਿਲ ਰਹੀ ਹੈ। ਇਹ ਪ੍ਰਦੂਸ਼ਣ ਸਥਾਨਕ ਆਬਾਦੀ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਰਿਹਾ ਹੈ।

ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਚੇਅਰਪਰਸਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਮੈਂਬਰ ਸਕੱਤਰ ਨੂੰ ਵੀ ਪੱਤਰ ਲਿਖ ਕੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਉਦਯੋਗਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਉਲੰਘਣਾ ਕਰਨ ਵਾਲੇ ਉਦਯੋਗਾਂ ਨੂੰ ਤੁਰੰਤ ਬੰਦ ਕਰਨ ਅਤੇ ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ।ਸ. ਬੈਂਸ ਨੇ ਕਿਹਾ ਕਿ ਦਰਿਆ ਪੰਜਾਬ ਦੀ ਜੀਵਨ ਰੇਖਾ ਹਨ, ਅਤੇ ਇਨ੍ਹਾਂ ਦਾ ਪ੍ਰਦੂਸ਼ਣ ਜਨਤਕ ਸਿਹਤ, ਖੇਤੀਬਾੜੀ ਅਤੇ ਜੈਵ ਵਿਭਿੰਨਤਾ ਲਈ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਇਸ ਲਈ, ਨੁਕਸਾਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।

By Gurpreet Singh

Leave a Reply

Your email address will not be published. Required fields are marked *