ਰਾਮ ਰਹੀਮ ਨੂੰ ਦਿੱਤੀ ਜਾ ਰਹੀ ਰਾਜਨੀਤਿਕ ਪੈਰੋਲ, AAP ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਚੁੱਕੇ ਸਵਾਲ

ਗੁਰਪ੍ਰੀਤ ਸਿੰਘ :- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ। ਸਾਲ 2017 ‘ਚ ਸਜ਼ਾ ਹੋਣ ਤੋਂ ਬਾਅਦ ਰਾਮ ਰਹੀਮ ਦੇ ਇੰਨੇ ਘੱਟ ਸਮੇਂ ‘ਚ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਉਣ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਬਹੁਤ ਹੀ ਹੈਰਾਨਗੀ ਹੁੰਦੀ ਹੈ ਕਿ ਰਾਮ ਰਹੀਮ ਨੂੰ 17 ਵਾਰ ਪੈਰੋਲ ਮਿਲ ਗਈ ਹੈ। ਉਨ੍ਹਾਂ ਕਿਹਾ ਇਸ ਨਾਲ ਲੋਕਾਂ ਦਾ ਨਿਆਂ ‘ਤੇ ਵਿਸ਼ਵਾਸ਼ ਨਹੀਂ ਰਹਿੰਦਾ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਰਾਜਨੀਤਿਕ ਪੈਰੋਲ ਦਿੱਤੀ ਜਾ ਰਹੀ ਹੈ। ਰਾਮ ਰਹੀਮ ‘ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਹਨ।

ਜਿੰਪਾ ਨੇ ਕਿਹਾ ਕਿ ਇੱਕ ਅਧਿਆਤਮਿਕ ਪਦ ‘ਤੇ ਬੈਠੇ ਹੋਏ ਆਦਮੀ ਤੇ ਗੁਰੂ ‘ਤੇ ਅਜਿਹੇ ਇਲਜ਼ਾਮ ਲੱਗਣਾ ਗੰਭੀਰ ਮਾਮਲਾ ਹੈ। ਲੋਕਾਂ ਨੂੰ ਤਾਂ ਉਨ੍ਹਾਂ ‘ਤੇ ਬਹੁਤ ਵਿਸ਼ਵਾਸ਼ ਹੁੰਦਾ ਹੈ ਤੇ ਮੇਰੇ ਲਿਹਾਜ਼ ਨਾਲ ਅਜਿਹੇ ਮਾਮਲਿਆਂ ‘ਚ ਬਿਲਕੁਲ ਵੀ ਪੈਰੋਲ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੋਰਟ ਨੂੰ ਅਜਿਹੇ ਮਾਮਲਿਆਂ ‘ਚ ਅੱਗੇ ਆਉਣਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਅਜਿਹੇ ਗੰਭੀਰ ਮਾਮਲਿਆਂ ‘ਚ ਪੈਰੋਲ ਦੇਣ ਤੋਂ ਮਨਾਹੀ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦਾ ਕਾਨੂੰਨ ਤੇ ਨਿਆਂ ਪ੍ਰਣਾਲੀ ‘ਤੇ ਵਿਸ਼ਵਾਸ ਬਣਿਆ ਰਹੇ।

ਡੇਰਾ ਸੱਚਾ ਸੌਦਾ ਦੇ ਮੁੱਖ ਆਸ਼ਰਮ ‘ਚ ਰਹੇਗਾ ਰਾਮ ਰਹੀਮ

ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ ਮੰਗਲਵਾਰ (25 ਅਗਸਤ) ਸਵੇਰੇ ਜੇਲ੍ਹ ਤੋਂ ਬਾਹਰ ਆਇਆ। ਇਸ ਵਾਰ ਉਹ ਡੇਰਾ ਸੱਚਾ ਸੌਦਾ ਦੇ ਮੁੱਖ ਆਸ਼ਰਮ ਚ ਰਹੇਗਾ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਜੇਲ੍ਹ ਸੁਨਾਰੀਆ ਨੇ ਰਾਮ ਰਹੀਮ ਲਈ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਹੈ। ਫਰਲੋ ਦੌਰਾਨ ਉਹ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਰਹੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ। ਸਾਲ 2017 ‘ਚ ਸਜ਼ਾ ਹੋਣ ਤੋਂ ਬਾਅਦ ਹੁਣ ਤੱਕ ਉਹ ਕਦੇ ਪੈਰੋਲ ਤਾਂ ਕਦੇ ਫਰਲੋ ਤੇ 16 ਵਾਰ ਬਾਹਰ ਆ ਚੁੱਕਾ ਹੈ। ਹੁਣ ਉਹ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਉਸ ਨੂੰ ਕਈ ਵਾਰ ਪੈਰੋਲ ਤੇ ਫਰਲੋ ਮਿਲ ਚੁੱਕੀ ਹੈ, ਜਿਸ ਨੂੰ ਲੈ ਕੇ ਅਕਸਰ ਸਵਾਲ ਵੀ ਉਠਾਏ ਜਾਂਦੇ ਹਨ।

ਬਲਾਤਕਾਰ ਤੇ ਕਤਲ ਦੇ ਮਾਮਲੇ ਚ ਦੋਸ਼ੀ

ਰਾਮ ਰਹੀਮ ਨੂੰ ਸਾਲ 2017 ‘ਚ ਬਲਾਤਕਾਰ ਤੇ ਕਤਲ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਉਹ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਪਿਛਲੇ 10 ਸਾਲਾਂ ‘ਚ ਉਹ 16 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਮਈ ਮਹੀਨੇ ‘ਚ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਹੁਣ ਉਹ 21 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਇਆ ਹੈ।

CBI ਅਦਾਲਤ ਨੇ ਦੋਸ਼ੀ ਠਹਿਰਾਇਆ

ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ 10-10 ਸਾਲ ਦੀ ਸਜ਼ਾ ਮਿਲੀ ਹੋਈ ਹੈ। ਪਹਿਲੀ ਸਜ਼ਾ 10 ਸਾਲ ਤੇ ਦੂਜੀ ਸਜ਼ਾ 10 ਸਾਲ ਹੈ। ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ। CBI ਕੋਰਟ ਦਾ 10 ਸਾਲ ਪੂਰੇ ਹੋਣ ਤੋਂ ਬਾਅਦ ਦੂਜੇ 10 ਸਾਲ ਦੀ ਸਜ਼ਾ ਦਾ ਹੁਕਮ ਸੀ। ਰਾਮ ਰਹੀਮ ਨੂੰ 2017 ‘ਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਦੋ ਮਹਿਲਾ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਇੱਕ ਵਿਸ਼ੇਸ਼ CBI ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।

By Gurpreet Singh

Leave a Reply

Your email address will not be published. Required fields are marked *