ਰਾਜਾ ਵੜਿੰਗ ਦਾ ਐਲਾਨ – ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਚੰਡੀਗੜ੍ਹ ‘ਚ ਰੋਸ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਤਾਪ ਸਿੰਘ ਬਾਜਵਾ ਦੇ 50 ਗ੍ਰਨੇਡਾਂ ਵਾਲੇ ਬਿਆਨ ਨੇ ਪੰਜਾਬੀ ਰਾਜਨੀਤੀ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਸਖ਼ਤੀ ਵਿਖਾਉਂਦੇ ਹੋਏ ਉਨ੍ਹਾਂ ਖ਼ਿਲਾਫ਼ FIR ਦਰਜ ਕੀਤੀ ਗਈ, ਜਿਸ ਦੇ ਬਾਅਦ ਹੁਣ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰ ਰਿਹਾ ਹੈ।FIR ਦਰਜ ਹੋਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਵੀ ਮਾਨ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਇਹ ਲੜਾਈ ਨਾ ਸਿਰਫ ਕਾਨੂੰਨ ਦੀ ਅਦਾਲਤ ਵਿੱਚ ਲੜੇਗੀ, ਸਗੋਂ ਲੋਕਾਂ ਦੀ ਅਦਾਲਤ ਵਿੱਚ ਵੀ ਸਰਕਾਰ ਦੇ “ਮਾੜੇ ਮਨਸੂਬਿਆਂ” ਦਾ ਵਿਰੋਧ ਕਰੇਗੀ।

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਬਾਜਵਾ ਨੇ ਜੋ ਕੁਝ ਮੀਡੀਆ ਰਾਹੀਂ ਪਹਿਲਾਂ ਹੀ ਆ ਚੁੱਕੀ ਗੱਲ ਨੂੰ ਵਿਧਾਨ ਸਭਾ ਵਿੱਚ ਦੁਹਰਾਇਆ, ਉਸ ਲਈ ਉਨ੍ਹਾਂ ‘ਤੇ FIR ਦਰਜ ਕਰਨੀ ਆਮ ਆਦਮੀ ਪਾਰਟੀ ਦੀ ਅਸਹਿਣਸ਼ੀਲਤਾ ਅਤੇ ਤਾਨਾਸ਼ਾਹੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ ਅਤੇ ਇਹ ਤਾਕਤਾਂ ਉਨ੍ਹਾਂ ਨੂੰ ਡਰਾ ਨਹੀਂ ਸਕਦੀਆਂ।ਇਸੇ ਤਰ੍ਹਾਂ, ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ MP ਡਾ. ਅਮਰ ਸਿੰਘ ਨੇ ਵੀ ਵਧੇਰੇ ਲਫ਼ਜ਼ੀ ਹਮਲਾ ਕਰਦਿਆਂ ਕਿਹਾ ਕਿ ਇਹ ਕੇਸ ਦਰਜ ਕਰਨਾ ਤਾਨਾਸ਼ਾਹੀ ਦੀ ਹੱਦ ਹੈ ਅਤੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਹਰ ਪਲੇਟਫਾਰਮ ਤੇ ਲੜਾਈ ਲੜੇਗੀ।

ਇਸਦੇ ਨਾਲ ਹੀ ਪੰਜਾਬ ਕਾਂਗਰਸ ਨੇ 15 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰਦਰਸ਼ਨ ਸਵੇਰੇ 10 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗਾ, ਜਿੱਥੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।ਇਹ ਸਾਰੀ ਗਤੀਵਿਧੀਆਂ ਦਰਸਾਉਂਦੀਆਂ ਹਨ ਕਿ FIR ਦਰਜ ਹੋਣ ਤੋਂ ਬਾਅਦ ਕਾਂਗਰਸ ਪੂਰੇ ਰੂਪ ਵਿੱਚ ਮਾਨ ਸਰਕਾਰ ਦੇ ਖ਼ਿਲਾਫ਼ ਰਣਨੀਤੀਕ ਤੌਰ ‘ਤੇ ਮੋਚਾ ਸੰਭਾਲ ਰਹੀ ਹੈ।

By Gurpreet Singh

Leave a Reply

Your email address will not be published. Required fields are marked *