ਪੰਜਾਬ ਨੂੰ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਮਿਲੇ: ਭਗਵੰਤ ਮਾਨ

ਨੀਤੀ ਆਯੋਗ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਚੁੱਕੇ ਪੰਜਾਬ ਦੇ ਲੰਬੇ ਸਮੇਂ ਤੋਂ ਲਟਕਦੇ ਮਸਲੇ, ਮੋਹਾਲੀ ਨੂੰ ਨੈਸ਼ਨਲ ਨੌਲੇਜ ਹੱਬ ਬਣਾਉਣ ਦੀ ਵੀ ਕੀਤੀ ਮੰਗ

ਗੁਰਪ੍ਰੀਤ ਸਿੰਘ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਅੱਗੇ ਪੰਜਾਬ ਦੇ ਕਈ ਅਹਿਮ ਮਸਲੇ ਉਠਾਏ। ਉਨ੍ਹਾਂ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ, ਸਰਹੱਦੀ ਖੇਤਰਾਂ ਲਈ ਖ਼ਾਸ ਵਿਕਾਸ ਪੈਕੇਜ ਜਾਰੀ ਕਰਨ ਅਤੇ ਕੇਂਦਰੀ ਯੋਜਨਾਵਾਂ ਵਿੱਚ 90:10 ਦੇ ਅਨੁਪਾਤ ਨਾਲ ਫੰਡ ਦੇਣ ਦੀ ਮੰਗ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ ਅਤੇ ਸਰਹੱਦੀ ਸੁਰੱਖਿਆ, ਡਰੋਨ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ, ਅੱਤਵਾਦ ਅਤੇ ਕੁਦਰਤੀ ਆਫ਼ਤਾਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਬਾਵਜੂਦ ਕੇਂਦਰ ਵੱਲੋਂ ਸੂਬੇ ਨੂੰ ਲੋੜੀਂਦੀ ਸਹਾਇਤਾ ਨਹੀਂ ਮਿਲ ਰਹੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਵਿਕਾਸ ਪੱਖੋਂ ਪਿੱਛੇ ਰਹਿ ਗਏ ਹਨ। ਸਰਹੱਦ ਨਾਲ ਲੱਗਦੇ 2,000 ਤੋਂ ਵੱਧ ਪਿੰਡ ਹੋਣ ਦੇ ਬਾਵਜੂਦ ਕੇਂਦਰ ਦੀ ‘ਵਾਈਬ੍ਰੈਂਟ ਵਿਲੇਜ-2’ ਯੋਜਨਾ ਵਿੱਚ ਸਿਰਫ਼ 107 ਪਿੰਡਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ।

ਮਾਨ ਨੇ ਕਿਹਾ ਕਿ ਸਾਲ 2025 ਵਿੱਚ ਆਏ ਹੜ੍ਹਾਂ ਕਾਰਨ 2,300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਅਤੇ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਪੰਜਾਬ ਹਮੇਸ਼ਾ ਅੱਗੇ ਰਿਹਾ ਹੈ, ਇਸ ਲਈ ਸੂਬੇ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।

ਸਿਹਤ ਅਤੇ ਸਿੱਖਿਆ ਦੇ ਮਾਡਲ ਦੀ ਕੀਤੀ ਪੇਸ਼ਕਾਰੀ

ਮੁੱਖ ਮੰਤਰੀ ਨੇ ਨੀਤੀ ਆਯੋਗ ਅੱਗੇ ਪੰਜਾਬ ਸਰਕਾਰ ਦੀਆਂ ਸਿਹਤ ਅਤੇ ਸਿੱਖਿਆ ਨਾਲ ਜੁੜੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ 990 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿੱਥੇ ਲੱਖਾਂ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ਨੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੀ ਦੇਸ਼ ਭਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਨਸ਼ਿਆਂ ਵਿਰੁੱਧ ਮੁਹਿੰਮ ਅਤੇ ਖੇਡਾਂ ਨੂੰ ਮਿਲ ਰਿਹਾ ਉਤਸ਼ਾਹ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾ ਰਹੀ ਹੈ। ਸੂਬੇ ਵਿੱਚ ਸੈਂਕੜੇ ਨਸ਼ਾ ਛੁਡਾਊ ਕੇਂਦਰ, ਓਟ ਕਲੀਨਿਕ ਅਤੇ ਮੁੜ ਵਸੇਬਾ ਕੇਂਦਰ ਚੱਲ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਬਜਟ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਪਿੰਡ ਪੱਧਰ ’ਤੇ ਖੇਡ ਮੈਦਾਨ ਤੇ ਜਿੰਮ ਬਣਾਏ ਜਾ ਰਹੇ ਹਨ।

ਮੋਹਾਲੀ ਨੂੰ ਨੈਸ਼ਨਲ ਨੌਲੇਜ ਹੱਬ ਬਣਾਉਣ ਦੀ ਮੰਗ

ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਮੋਹਾਲੀ ਨੂੰ ‘ਨੈਸ਼ਨਲ ਨੌਲੇਜ ਐਂਡ ਇਨੋਵੇਸ਼ਨ ਰੀਜਨ’ ਵਜੋਂ ਵਿਕਸਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਸੈਮੀਕੰਡਕਟਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓਟੈਕਨਾਲੋਜੀ ਅਤੇ ਹੋਰ ਉੱਚ ਤਕਨਾਲੋਜੀ ਖੇਤਰਾਂ ਨਾਲ ਜੁੜੇ ਵਿਸ਼ੇਸ਼ ਕੇਂਦਰ ਸਥਾਪਤ ਕੀਤੇ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ‘ਵਿਕਸਿਤ ਭਾਰਤ-2047’ ਦਾ ਸੁਪਨਾ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਪੰਜਾਬ ਸੁਰੱਖਿਅਤ, ਖੁਸ਼ਹਾਲ ਅਤੇ ਵਿਕਸਤ ਹੋਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਪੰਜਾਬ ਦੀਆਂ ਜਾਇਜ਼ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ।

By Gurpreet Singh

Leave a Reply

Your email address will not be published. Required fields are marked *