ਚੈਸਟਰਮੀਅਰ (ਰਾਜੀਵ ਸ਼ਰਮਾ) : ਚੈਸਟਰਮੀਅਰ ਪੰਜਾਬੀ ਬਜ਼ੁਰਗ ਸੁਸਾਇਟੀ ਵੱਲੋਂ ਸਕੱਤਰ ਗੁਰਮੀਤ ਸਿੰਘ ਗਿੱਲ ਦੀ ਅਗਵਾਈ ਹੇਠ ਰੀਮੈਂਬਰੈਂਸ ਡੇ, ਗੁਰਤਾ ਗੱਦੀ ਦਿਵਸ, ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਜੁਆਇੰਟ ਸਕੱਤਰ ਗੁਰਰਾਜ ਸਿੰਘ ਵਿਰਕ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ ਅਤੇ ਹਾਜ਼ਰ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਪਹਿਲੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਅਤੇ ਜਾਨਾਂ ਗੁਆਉਣ ਵਾਲੇ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਗੁਰਭੇਜ ਸਿੰਘ ਝੰਡ ਨੇ ਪਹਿਲੀ ਸੰਸਾਰ ਜੰਗ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਦੀ ਸਾਖੀ ਵਿਸਥਾਰ ਨਾਲ ਸੁਣਾਈ ਅਤੇ ਸਮੂਹ ਮੈਂਬਰਾਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ।

ਅਮਰਜੀਤ ਸਿੰਘ ਭੇਲੇ ਨੇ ਗੁਰਤਾ ਗੱਦੀ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ 1708 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ ਗੱਦੀ ਸੌਂਪੀ ਸੀ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਸਿੱਖ ਪਰੰਪਰਾਵਾਂ ਦੀ ਮਹੱਤਤਾ ਨੂੰ ਵੀ ਯਾਦ ਕੀਤਾ।
ਸਮਾਗਮ ਦੌਰਾਨ ਗੁਰਰਾਜ ਸਿੰਘ ਵਿਰਕ ਨੇ ਆਪਣੀ ਰਚੀ ਕਵਿਤਾ ‘ਦਿਵਾਲੀ ਦੀਆਂ ਮੁਬਾਰਕਾਂ’ ਪੇਸ਼ ਕਰਕੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾਇਆ। ਇਸ ਤੋਂ ਇਲਾਵਾ ਕੁਲਦੀਪ ਅਗਰਵਾਲ ਨੇ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਇਆ।
ਸੁਸਾਇਟੀ ਦੇ ਖ਼ਜ਼ਾਨਚੀ ਆਤਮਾ ਸਿੰਘ ਗਿੱਲ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਸੁਸਾਇਟੀ ਦੇ ਸਮਾਗਮਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਅਤੇ ਸ਼ਮੂਲੀਅਤ ਜਾਰੀਰੱਖਣ।
ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਕੁਲਦੀਪ ਸਿੰਘ ਗਿੱਲ, ਰਸ਼ਪਾਲ ਸਿੰਘ ਗਿੱਲ, ਜਗਜੀਤ ਸਿੰਘ ਗਰੇਵਾਲ, ਅਨਿਲ ਗੁਪਤਾ, ਜਗਦੀਪ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ ਅਤੇ ਭੂਪਿੰਦਰ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਸਮਾਗਮ ਵਿੱਚ ਲਗਭਗ 30 ਮੈਂਬਰਾਂ ਨੇ ਸ਼ਿਰਕਤ ਕੀਤੀ।

ਸੁਸਾਇਟੀ ਦੇ ਪ੍ਰਧਾਨ ਜਨਕ ਸਿੰਘ ਖੁਰਮੀ, ਜੋ ਇਸ ਸਮੇਂ ਭਾਰਤ ਵਿੱਚ ਹਨ, ਨੇ ਵੀਡੀਓ ਕਾਨਫਰੰਸ ਰਾਹੀਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਸਾਰੇ ਮੈਂਬਰਾਂ ਨੂੰ ਮਿਠਾਈਆਂ, ਸਨੈਕਸ ਅਤੇ ਚਾਹ ਵਰਤਾਈ ਗਈ। ਸਮਾਗਮ ਨੇ ਬਜ਼ੁਰਗਾਂ ਵਿੱਚ ਆਪਸੀ ਪਿਆਰ, ਸਾਂਝ ਅਤੇ ਪੰਜਾਬੀ ਸੱਭਿਆਚਾਰਕ ਤੇ ਧਾਰਮਿਕ ਵਿਰਸੇ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕੀਤਾ।
