ਚੀਨੀ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਸਰਕਾਰ ਦੀ ਚਿੰਤਾ

ਗੁਰਪ੍ਰੀਤ ਸਿੰਘ :- ਦੇਸ਼ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧੇ ਤੋਂ ਬਾਅਦ ਕੇਂਦਰ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਸਰਕਾਰ ਨੇ ਵੱਡੀ ਮਾਤਰਾ ਵਿੱਚ ਚੀਨੀ ਦੀ ਵਰਤੋਂ ਕਰਨ ਵਾਲੇ ਡੀਲਰਾਂ ਲਈ ਸਟਾਕ ਰੱਖਣ ਦੀ ਸੀਮਾ 15 ਦਿਨ ਤੱਕ ਨਿਰਧਾਰਤ ਕਰ ਦਿੱਤੀ ਹੈ। ਨਵੇਂ ਹੁਕਮ ਅਨੁਸਾਰ, 10 ਮੈਟ੍ਰਿਕ ਟਨ ਤੋਂ ਵੱਧ ਚੀਨੀ ਦੀ ਵਰਤੋਂ ਕਰਨ ਵਾਲੇ ਡੀਲਰ ਹੁਣ 15 ਦਿਨਾਂ ਤੋਂ ਵੱਧ ਦਾ ਸਟਾਕ ਨਹੀਂ ਰੱਖ ਸਕਣਗੇ। ਇਹ ਹੁਕਮ 1 ਸਤੰਬਰ ਤੋਂ ਲਾਗੂ ਹੋਵੇਗਾ ਅਤੇ 30 ਨਵੰਬਰ ਤੱਕ ਪ੍ਰਭਾਵੀ ਰਹੇਗਾ।

ਅਗਸਤ ਤੋਂ ਨਵੰਬਰ ਦਰਮਿਆਨ ਗਣੇਸ਼ ਚਤੁਰਥੀ, ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਕਾਰਨ ਚੀਨੀ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੌਰਾਨ ਬਿਸਕੁਟ, ਮਿਠਾਈ ਅਤੇ ਕਨਫੈਕਸ਼ਨਰੀ ਬਣਾਉਣ ਵਾਲੀਆਂ ਕੰਪਨੀਆਂ ਵੀ ਪਹਿਲਾਂ ਤੋਂ ਵੱਡੀ ਮਾਤਰਾ ਵਿੱਚ ਚੀਨੀ ਦਾ ਸਟਾਕ ਇਕੱਠਾ ਕਰਦੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਸਰਕਾਰ ਨੇ ਡੀਲਰਾਂ ਲਈ 30 ਦਿਨ ਤੋਂ ਵੱਧ ਚੀਨੀ ਦਾ ਸਟਾਕ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਚੀਨੀ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ ਅਤੇ ਪਿਛਲੇ ਮਹੀਨੇ ਕੀਮਤਾਂ ਕਰੀਬ 10 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ।

ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸਟਾਕ ਸੀਮਾ ਸਖ਼ਤ ਕਰਨ ਨਾਲ ਜਮਾਖੋਰੀ ’ਤੇ ਰੋਕ ਲੱਗੇਗੀ ਅਤੇ ਬਾਜ਼ਾਰ ਵਿੱਚ ਚੀਨੀ ਦੀ ਉਪਲਬਧਤਾ ਵਧੇਗੀ, ਜਿਸ ਨਾਲ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਵੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸਰਕਾਰ ਚੀਨੀ ਦੀ ਸਪਲਾਈ ਵਧਾਉਣ ਲਈ ਸੀਮਤ ਡਿਊਟੀ-ਫ੍ਰੀ ਆਯਾਤ ਸਮੇਤ ਹੋਰ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ। ਤਿਉਹਾਰੀ ਸੀਜ਼ਨ ਦੌਰਾਨ ਚੀਨੀ ਦੀਆਂ ਕੀਮਤਾਂ ਅਤੇ ਸਪਲਾਈ ’ਤੇ ਸਰਕਾਰ ਦੀ ਨਜ਼ਰ ਬਣੀ ਰਹੇਗੀ।

By Gurpreet Singh

Leave a Reply

Your email address will not be published. Required fields are marked *