
ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸਵੇਰੇ 5:30 ਵਜੇ ਦੇ ਕਰੀਬ ਟਾਂਡਾ ਥਾਣੇ ਹੇਠ ਆਉਣ ਵਾਲੇ ਅਹੀਆਪੁਰ ਵਾਰਡ ਨੰਬਰ 14 ‘ਚ ਇੱਕ ਦਰਦਨਾਕ ਹਾਦਸਾ ਹੋਇਆ। ਇੱਕ ਕਿਰਾਏ ਦੇ ਕਮਰੇ ਦੀ ਛੱਤ ਢਹਿ ਜਾਣ ਕਾਰਨ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਦੇ 3 ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਹੋਰ 3 ਜਣੇ ਹਾਲੇ ਵੀ ਹਸਪਤਾਲ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ।
ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਸ਼ੰਕਰ (ਉਮਰ 40), ਉਸ ਦੀ ਧੀ ਸ਼ਿਵਾਨੀ (ਉਮਰ 13) ਅਤੇ ਸਭ ਤੋਂ ਛੋਟੀ ਪੁੱਤਰੀ ਪੂਜਾ (ਉਮਰ 4) ਵਜੋਂ ਹੋਈ ਹੈ। ਜ਼ਖ਼ਮੀਆਂ ‘ਚ 6 ਸਾਲ ਦੀ ਸੁਨੀਤਾ, 8 ਸਾਲ ਦੀ ਪ੍ਰੀਤੀ ਅਤੇ ਪਰਿਵਾਰ ਦੀ ਮਾਂ ਪ੍ਰਿਅੰਕਾ (ਉਮਰ ਲਗਭਗ 35) ਸ਼ਾਮਲ ਹਨ। ਦੋ ਬੱਚੀਆਂ ਨੂੰ ਰੇਖੀ ਹਸਪਤਾਲ ਅਤੇ ਪ੍ਰਿਅੰਕਾ ਨੂੰ ਸਿਵਲ ਹਸਪਤਾਲ ਟਾਂਡਾ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਪਰਿਵਾਰ ਮੂਲ ਰੂਪ ਵਿਚ ਬਿਹਾਰ ਤੋਂ ਸਬੰਧਤ ਹੈ ਤੇ ਵਿਕਾਸ ਕੁਮਾਰ ਪੁੱਤਰ ਸੁਲੇਖਾ ਚੰਦ ਦੇ ਘਰ ਵਿਚ ਕਿਰਾਏ ‘ਤੇ ਰਹਿ ਰਿਹਾ ਸੀ।
ਮੌਕੇ ‘ਤੇ ਪਹੁੰਚ ਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਜ਼ਖ਼ਮੀਆਂ ਦੀ ਹਾਲਤ ਦੀ ਜਾਣਕਾਰੀ ਲਈ ਹਸਪਤਾਲ ‘ਚ ਮਿਲੇ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪ੍ਰਸ਼ਾਸਨ ਵੱਲੋਂ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮਕਾਨ ਦੀ ਸਥਿਤੀ ਅਤੇ ਮਾਲਕ ਦੀ ਜ਼ਿੰਮੇਵਾਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
