ਲਾਂਗੇਨਥਾਲ (ਸਵਿਟਜ਼ਰਲੈਂਡ)— ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ, ਲਾਂਗੇਨਥਾਲ ਦੇ 20ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖ਼ਤ), ਵੱਲੋਂ ਪੰਥਕ ਸੇਵਾਵਾਂ ਅਤੇ ਗੁਰੂ-ਘਰ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਲਈ ਉੱਘੇ ਉਦਯੋਗਪਤੀ ਸ. ਰਣਜੀਤ ਸਿੰਘ ਮਸੂਤਾ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਚਰਨ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ. ਮਸੂਤਾ ਨੂੰ ਸਵਿਸ ਸਰਕਾਰ ਵੱਲੋਂ ਗੋਲਡ ਮੈਡਲ ਨਾਲ ਵੀ ਨਿਵਾਜਿਆ ਗਿਆ ।
ਸਮਾਗਮ ਵਿੱਚ ਲਾਂਗੇਨਥਾਲ ਦੇ ਸ਼ਹਿਰ ਦੇ ਮੇਅਰ ਸ੍ਰੀ ਪੈਟ੍ਰਿਕ ਫਰੌਇਡੀਗਰ, ਬਰਨ ਕੈਂਟਨ ਦੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਹਾਨਸ-ਯੁਰਗ ਕੇਜ਼ਰ, ਬਰਨ ਕੈਂਟਨ ਸਰਕਾਰ ਦੇ ਮੌਜੂਦਾ ਮੈਂਬਰ ਸ੍ਰੀ ਰੇਟੋ ਮੂਲਰ ਅਤੇ ਸਵਿਟਜ਼ਰਲੈਂਡ ਦੇ ਸਾਬਕਾ ਸੰਘੀ ਰਾਸ਼ਟਰਪਤੀ ਸ੍ਰੀਮਤੀ ਸਿਮੋਨੇਟਾ ਸੋਮਾਰੂਗਾ, ਸ੍ਰੀ ਯੋਹਾਨ ਸ਼ਨਾਈਡਰ-ਅਮਾਨ ਅਤੇ ਸ੍ਰੀਮਤੀ ਮਿਸ਼ਲੀਨ ਕਾਲਮੀ-ਰੇ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਗੁਰਦੁਆਰਾ ਸਾਹਿਬ ਦਾ ਨਿਰਮਾਣ 2002 ਵਿੱਚ ਸ਼ੁਰੂ ਹੋਇਆ ਸੀ ਅਤੇ 23 ਸਤੰਬਰ 2006 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਦੋ ਦਹਾਕਿਆਂ ਤੋਂ ਇਹ ਗੁਰੂ-ਘਰ ਗੁਰਮਤਿ, ਸੇਵਾ, ਸਿਮਰਨ ਅਤੇ ਸੰਗਤ ਦੀ ਸਾਂਝ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਮੌਕੇ ਸਿੱਖ ਯੂਥ ਸਵਿਟਜ਼ਰਲੈਂਡ ਦੇ ਸੰਸਥਾਪਕ ਸ. ਕਰਨਵੀਰ ਸਿੰਘ, ਜਥੇਬੰਦੀ ਦੇ ਪ੍ਰਧਾਨ ਸ. ਜੰਗਸ਼ੇਰ ਸਿੰਘ ਅਤੇ ਹਾਜ਼ਰ ਸਿੱਖ ਨੌਜਵਾਨਾਂ ਨੇ ਸ. ਰਣਜੀਤ ਸਿੰਘ ਮਸੂਤਾ ਦੀਆਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ. ਮਸੂਤਾ ਦਾ ਤਜਰਬਾ, ਸਮਰਪਣ ਅਤੇ ਮਾਰਗਦਰਸ਼ਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿੱਚ ਯੋਗਦਾਨ ਪਾਉਣ ਵਾਲੀ ਸੰਗਤ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ।
