ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ। ਇਸ ਘਟਨਾ ਨੇ ਸਥਾਨਕ ਸੰਗਤ ਵਿੱਚ ਗਹਿਰਾ ਰੋਸ਼ ਪੈਦਾ ਕਰ ਦਿੱਤਾ ਹੈ ਅਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਰਿਪੋਰਟਾਂ ਅਨੁਸਾਰ, ਜੁਗੀਆਣਾ ਪਿੰਡ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ਨੇ ਸਹਿਨੇਵਾਲ ਖੇਤਰ ਦੇ ਗੁਰਦੁਆਰਾ ਸ਼੍ਰੀ ਰਵਿਦਾਸ ਜੀ ਮਹਾਰਾਜ ਵਿਚ ਪਵਿੱਤਰ ਬੀਰ ਸਾਹਿਬ ਅੱਗੇ ਆਪਣੇ ਕੱਪੜੇ ਉਤਾਰ ਦਿੱਤੇ। ਇਹ ਕਾਰਵਾਈ ਉਸਦੇ ਪਤੀ ਹਰਭਜਨ ਸਿੰਘ ਦੀ ਮੌਜੂਦਗੀ ਵਿਚ ਹੋਈ ਅਤੇ ਗੁਰਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸਥਾਨਕ ਸੰਗਤ ਨੇ ਤੁਰੰਤ ਦਖ਼ਲ ਅੰਦਾਜ਼ੀ ਕਰਕੇ ਮਾਮਲੇ ਨੂੰ ਸੰਭਾਲਿਆ ਅਤੇ ਵਾਰਿਸ ਪੰਜਾਬ ਦੇ ਮੈਂਬਰ ਜਸਵੰਤ ਸਿੰਘ ਚੀਮਾ ਦੀ ਸ਼ਿਕਾਇਤ ’ਤੇ ਸਹਿਨੇਵਾਲ ਪੁਲਿਸ ਨੇ ਔਰਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਦਿੱਤਾ। ਜਾਂਚ ਅਧਿਕਾਰੀ ASI ਜਸਪ੍ਰੀਤ ਸਿੰਘ ਦੇ ਮੁਤਾਬਕ, ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਗੁੰਮ ਹੋਈਆਂ ਚਾਬੀਆਂ ਬਾਰੇ ਚਿੰਤਾ ਜਤਾਈ ਸੀ ਅਤੇ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰਕਾਸ਼ ਕੌਰ ਨੂੰ ਗੁਰਦੁਆਰੇ ਬੁਲਾਇਆ ਗਿਆ ਸੀ। ਪੁੱਛਗਿੱਛ ਦੌਰਾਨ ਹੋਰ ਔਰਤਾਂ ਨਾਲ ਤਕਰਾਰ ਹੋਣ ਤੋਂ ਬਾਅਦ ਉਸਨੇ ਆਪਾ ਗੁਆ ਬੈਠੀ ਤੇ ਬੇਅਦਬੀ ਦੀ ਇਹ ਘਟਨਾ ਵਾਪਰੀ। ਉਸਦਾ ਪਤੀ ਮੌਕੇ ’ਤੇ ਮੌਜੂਦ ਸੀ, ਪਰ ਉਸਨੇ ਕੋਈ ਦਖ਼ਲ ਨਹੀਂ ਕੀਤਾ। ਪੁਲਿਸ ਦੇ ਅਨੁਸਾਰ, ਅਜੇ ਤੱਕ ਔਰਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਬੇਅਦਬੀ ਨਾਲ ਜੁੜੇ ਮਾਮਲੇ ਅਤੇ ਗੁੰਮ ਚਾਬੀਆਂ ਦੀ ਜਾਂਚ ਜਾਰੀ ਹੈ। ਇਸ ਘਟਨਾ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਝਟਕਾ ਪਹੁੰਚਿਆ ਹੈ ਅਤੇ ਸਥਾਨਕ ਭਾਈਚਾਰੇ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
