ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਦੀ ਇਕ ਇਨਫੋਰਸਮੈਂਟ ਡਾਇਰੈਕਟਰੇਟ (ED) ਦੀ ਅਦਾਲਤ ਨੇ 2024 ਦੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਦੇ ਮਾਮਲੇ ‘ਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਭਗੌੜਾ ਘੋਸ਼ਿਤ (Proclaimed Offender) ਐਲਾਨ ਕਰ ਦਿੱਤਾ ਹੈ।
ਅਦਾਲਤ ਨੇ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਣਕਾਰੀ ਮੰਗੀ ਹੈ ਤਾਂ ਜੋ ਸੀ.ਆਰ.ਪੀ.ਸੀ ਦੀ ਧਾਰਾ 83 ਅਧੀਨ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
“ਆਰੋਪੀ ਹਰਪ੍ਰੀਤ ਸਿੰਘ, ਪੁੱਤਰ ਸਾਧੂ ਸਿੰਘ ਦੀ ਘੋਸ਼ਣਾ 28 ਮਾਰਚ 2025 ਨੂੰ ਕੀਤੀ ਗਈ ਸੀ ਅਤੇ ਉਸਨੇ ਅੱਜ ਤੱਕ ਅਦਾਲਤ ਵਿੱਚ ਹਾਜ਼ਰੀ ਨਹੀਂ ਦਿੱਤੀ। ਕਾਨੂੰਨੀ 30 ਦਿਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਇਸ ਲਈ ਆਰੋਪੀ ਨੂੰ ਭਗੌੜਾ ਐਲਾਨਿਆ ਜਾਂਦਾ ਹੈ। ਇਸ ਬਾਰੇ ਲਾਜ਼ਮੀ ਜਾਣਕਾਰੀ ਸੰਬੰਧਤ ਥਾਣੇ ਨੂੰ ਦਿੱਤੀ ਜਾਵੇ,” 29 ਜੁਲਾਈ ਨੂੰ ਜਾਰੀ ਅਦਾਲਤੀ ਹੁਕਮ ਵਿੱਚ ਲਿਖਿਆ ਗਿਆ ਹੈ।
ਸਾਧੂ ਸਿੰਘ ਧਰਮਸੋਤ ਇਸ PMLA ਕੇਸ ਵਿੱਚ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹਨ।
ਘੋਸ਼ਣਾ ਦੇ ਹੁਕਮ ਦੀ ਇੱਕ ਕਾਪੀ ਆਰੋਪੀ ਹਰਪ੍ਰੀਤ ਸਿੰਘ ਦੇ ਘਰ, ਜੋ ਕਿ ਵਾਰਡ ਨੰਬਰ 6, ਅਨਿਆ ਰੋਡ, ਅਮਲੋਹ, ਫਤਿਹਗੜ੍ਹ ਸਾਹਿਬ ਵਿਖੇ ਹੈ, ਉੱਥੇ ਲਾਈ ਗਈ। ਇੱਕ ਹੋਰ ਕਾਪੀ ਜਨਤਕ ਸਥਾਨ ‘ਤੇ ਅਤੇ ਤੀਜੀ ਕਾਪੀ ਮੋਹਾਲੀ ਦੀ ਅਦਾਲਤ ਦੇ ਨੋਟਿਸ ਬੋਰਡ ‘ਤੇ ਲਾਈ ਗਈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 19 ਅਗਸਤ ਲਈ ਮੁਲਤਵੀ ਕਰ ਦਿੱਤੀ।