ਜਜ਼ਬੇ ਨੂੰ ਸਲਾਮ : ICU ”ਚੋਂ ਸਿੱਧਾ ਪੇਪਰ ਦੇਣ ਪੁੱਜੀ 17 ਸਾਲਾ ਕੁੜੀ, ਬੱਚੇ ਤੇ ਅਧਿਆਪਕ ਰਹਿ ਗਏ ਹੈਰਾਨ

ਨੈਸ਼ਨਲ ਟਾਈਮਜ਼ ਬਿਊਰੋ :- ਮਨੀਮਾਜਰਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ’ਚ ਆਕਸੀਜਨ ਸਪੋਰਟ ’ਤੇ ਪੇਪਰ ਦੇਣ ਪਹੁੰਚੀ। ਬੱਚੀ ਨੂੰ ਦੇਖ ਬੱਚਿਆਂ ਦੇ ਨਾਲ-ਨਾਲ ਅਧਿਆਪਕ ਅਤੇ ਸਟਾਫ਼ ਸਾਰੇ ਹੈਰਾਨ ਰਹਿ ਗਏ। 17 ਸਾਲਾ ਨਾਨ-ਮੈਡੀਕਲ ਦੀ ਵਿਦਿਆਰਥਣ ਕਨਿਸ਼ਕਾ ਗੰਭੀਰ ਨਿਮੋਨੀਆ ਨਾਲ ਜੂਝ ਰਹੀ ਹੈ। ਉਹ 13 ਦਿਨਾਂ ਤੋਂ ਨਿੱਜੀ ਹਸਪਤਾਲ ’ਚ ਆਈ. ਸੀ. ਯੂ. ’ਚ ਹੈ। 10 ਦਿਨਾਂ ਤੋਂ ਬੇਹੋਸ਼ ਰਹਿਣ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਅਤੇ ਸ਼ੁੱਕਰਵਾਰ ਸਵੇਰੇ ਵ੍ਹੀਲ ਚੇਅਰ ’ਤੇ ਆਕਸੀਜਨ ਸਪੋਰਟ ਨਾਲ ਪ੍ਰੀਖਿਆ ਦੇਣ ਪਹੁੰਚੀ। ਕਨਿਸ਼ਕਾ ਸੈਕਟਰ-26 ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਅਤੇ ਮਨੀਮਾਜਰਾ ਦੇ ਜੀ. ਐੱਮ. ਐੱਸ. ਐੱਸ. ਐੱਸ. ਵਿਖੇ ਪ੍ਰੀਖਿਆ ਕੇਂਦਰ ਬਣਿਆ ਹੈ। ਸਾਰਿਆਂ ਨੇ ਕਨਿਸ਼ਕਾ ਦੀ ਹਿੰਮਤ ਅਤੇ ਪੜ੍ਹਾਈ ਪ੍ਰਤੀ ਜਨੂੰਨ ਦੀ ਸ਼ਲਾਘਾ ਕੀਤੀ।

ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਇਸ ਦੇ ਬਾਵਜੂਦ ਪਿਤਾ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਪੇਪਰ ਨਹੀਂ ਛੁੱਟਣਾ ਚਾਹੀਦਾ। ਗੁਆਚਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਹੈ। ਕਨਿਸ਼ਕਾ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਭੌਤਿਕ ਵਿਗਿਆਨ ਦਾ ਪੇਪਰ ਸੀ। ਉਹ ਆਕਸੀਜਨ ਸਪੋਰਟ ‘ਤੇ ਜ਼ਰੂਰੀ ਡਾਕਟਰੀ ਉਪਕਰਣਾਂ ਨਾਲ ਵ੍ਹੀਲ ਚੇਅਰ ’ਤੇ ਪ੍ਰੀਖਿਆ ਦੇਣ ਪਹੁੰਚੀ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਕਨਿਸ਼ਕਾ ਨੂੰ ਖੰਘ ਤੇ ਜ਼ੁਕਾਮ ਹੋਇਆ ਸੀ। ਇਸ ਤੋਂ ਬਾਅਦ ਛਾਤੀ ’ਚ ਬਲਗਮ ਜਮ੍ਹਾਂ ਹੋਣ ਕਾਰਨ ਨਿਮੋਨੀਆ ਹੋ ਗਿਆ। ਹਾਲਤ ਵਿਗੜੀ ਤਾਂ ਉਸ ਨੂੰ ਆਈ. ਸੀ. ਯੂ. ’ਚ ਦਾਖ਼ਲ ਕਰਵਾਉਣਾ ਪਿਆ। 13 ਦਿਨਾਂ ਤੱਕ ਆਈ. ਸੀ. ਯੂ. ’ਚ 10 ਦਿਨ ਤੱਕ ਬੇਹੋਸ਼ ਰਹੀ।

ਸ਼ੁਰੂ ’ਚ ਉਸ ਨੂੰ ਸੈਕਟਰ-32 ’ਚ ਸਥਿਤ ਜੀ. ਐੱਮ. ਸੀ. ਐੱਚ. ਲਿਜਾਇਆ ਗਿਆ ਸੀ ਪਰ ਬਾਅਦ ’ਚ ਸੈਕਟਰ-44 ਦੇ ਨਿੱਜੀ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਕਨਿਸ਼ਕਾ ਬਚਪਨ ਤੋਂ ਹੀ ਦਿਵਿਆਂਗ ਹੈ ਅਤੇ ਪਹਿਲਾਂ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਚੁੱਕੀ ਹੈ। ਇਸ ਵਾਰ ਬੀਮਾਰੀ ਨੇ ਉਸ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ। ਹਸਪਤਾਲ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਨ ਨੇ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਪ੍ਰੀਖਿਆ ਦੌਰਾਨ ਡਾਕਟਰਾਂ ਦੀ ਟੀਮ ਪ੍ਰੀਖਿਆ ਕੇਂਦਰ ’ਚ ਮੌਜੂਦ ਸੀ ਤਾਂ ਜੋ ਲੋੜ ਪੈਣ ’ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਸਕੂਲ ਪ੍ਰਬੰਧਨ ਵੱਲੋਂ ਇਕ ਵੱਖਰੇ ਪ੍ਰੀਖਿਆ ਕਮਰੇ ਦਾ ਪ੍ਰਬੰਧ ਕੀਤਾ ਗਿਆ ਸੀ। ਗੰਭੀਰ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਪ੍ਰੀਖਿਆ ਲਿਖਣ ਲਈ ਕਿਸੇ ਲੇਖਕ ਦੀ ਮੰਗ ਨਹੀਂ ਕੀਤੀ, ਇਸ ਦੀ ਬਜਾਏ ਆਕਸੀਜਨ ਦੀ ਮਦਦ ਨਾਲ ਪ੍ਰੀਖਿਆ ਦਿੱਤੀ ਅਤੇ ਹਸਪਤਾਲ ਵਾਪਸ ਆ ਗਈ।

By Gurpreet Singh

Leave a Reply

Your email address will not be published. Required fields are marked *