ਨੈਸ਼ਨਲ ਟਾਈਮਜ਼ ਬਿਊਰੋ :- ਪਟਿਆਲਾ ਰੋਡ ‘ਤੇ 7 ਮਈ ਨੂੰ ਹੋਏ ਦਰਦਨਾਕ ਸੜਕ ਹਾਦਸੇ ‘ਚ ਇਨੋਵਾ ਕਾਰ ਅਤੇ ਟਿੱਪਰ ਦੀ ਭਿਆਨਕ ਟੱਕਰ ਹੋਣ ਕਾਰਨ ਸੱਤ ਬੱਚਿਆਂ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਕਥਿਤ ਆਰੋਪੀਆਂ ‘ਤੇ ਕੇਸ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ ਟਿੱਪਰ ਮਾਲਕ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਦੋ ਹੋਰ ਆਰੋਪੀਆਂ ਦੀ ਗ੍ਰਿਫਤਾਰੀ ਹਜੇ ਬਾਕੀ ਹੈ।
ਇਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੀੜਤ ਪਰਿਵਾਰਾਂ ਨੇ ਐਸ.ਡੀ.ਐਮ. ਸਮਾਣਾ ਨੂੰ ਮੰਗ ਪੱਤਰ ਸੌਂਪਿਆ। ਪਰਿਵਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 28 ਮਈ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸਮਾਣਾ ਸ਼ਹਿਰ ਨੂੰ ਬੰਦ ਕਰਨਗੇ।
ਪੀੜਤ ਪਰਿਵਾਰਾਂ ਨੇ ਕਿਹਾ ਕਿ \“ਸਾਡੇ ਬੱਚੇ ਤਾਂ ਮੁੜ ਕੇ ਨਹੀਂ ਆ ਸਕਦੇ, ਪਰ ਕਥਿਤ ਦੋਸ਼ੀਆਂ ਨੂੰ ਜੇਲ੍ਹ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਇਨਸਾਫ ਹੋ ਸਕੇ।\” ਐਸ.ਡੀ.ਐਮ. ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਲਿਖਤ ਰੂਪ ਵਿੱਚ ਦੱਸ ਰਹੇ ਹਨ ਅਤੇ ਜਲਦੀ ਹੀ ਫਰਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਸਮਾਣਾ ਹਾਦਸਾ: ਅਜੇ ਤੱਕ ਫਰਾਰ ਦੋਸ਼ੀਆਂ ਦੀ ਨਹੀਂ ਹੋਈ ਗ੍ਰਿਫਤਾਰੀ, ਪੀੜਤ ਪਰਿਵਾਰਾਂ ਵੱਲੋਂ ਚੇਤਾਵਨੀ
