ਫੱਤੂਢੀਂਗਾ -ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰਾ ਛੰਨਾ ਦੇ ਨੌਜਵਾਨ ਸੰਦੀਪ ਸਿੰਘ ਜੋ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਡਿਪੋਰਟ ਕਰਨ ਮਗਰੋਂ ਆਪਣੇ ਪਿੰਡ ਅੰਮ੍ਰਿਤਪੁਰ ਛੰਨਾ ਵਾਪਸ ਪਰਤ ਆਇਆ ਹੈ। ਥਾਣਾ ਮੁਖੀ ਤਲਵੰਡੀ ਚੌਧਰੀਆਂ ਦੀ ਅਗਵਾਈ ਹੇਠ ਸੰਦੀਪ ਸਿੰਘ ਨੂੰ ਉਸ ਦੇ ਵਾਰਸਾਂ ਹਵਾਲੇ ਕੀਤਾ ਗਿਆ।
ਗੱਲਬਾਤ ਕਰਦਿਆਂ ਸੰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਸਾਬਕਾ ਸਰਪੰਚ ਪਿੰਡ ਅੰਮ੍ਰਿਤਪੁਰ ਛੰਨਾ ਨੇ ਦੱਸਿਆ ਕਿ ਉਹ ਸੁਨਹਿਰੇ ਭਵਿੱਖ ਲਈ ਬੀ. ਏ. ਤੀਜੇ ਸਾਲ ਦੀ ਪੜ੍ਹਾਈ ਵਿਚਕਾਰ ਛੱਡ ਕੇ ਅਪ੍ਰੈਲ 2024 ਵਿਚ ਦੁਬਈ ਰਸਤੇ ਅਮਰੀਕਾ ਗਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਡੰਕਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਰੋਟੀ ਦੀ ਥਾਂ ਭੁੱਖੇ-ਪਿਆਸੇ ਰਹਿ ਕੇ ਬਰੈੱਡ ਬਿਸਕੁਟ ਖਾਣ ਲਈ ਮਜਬੂਰ ਹੋਣਾ ਪਵੇਗਾ ਅਤੇ ਅਮਰੀਕਾ ਪਹੁੰਚਣ ਲਈ ਕਠਿਨ ਰਸਤਿਆਂ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਪਹੁੰਚਣਾ ਪਵੇਗਾ।
ਉਨ੍ਹਾਂ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪੁਲਸ ਫੜ ਕੇ ਉਨ੍ਹਾਂ ਨੂੰ ਕੈਂਪ ਲੈ ਗਈ ਸੀ ਪਰ ਟਰੰਪ ਸਰਕਾਰ ਵੱਲੋਂ ਸਾਡੇ ਹੱਥਾਂ ਨੂੰ ਹੱਥਕੜੀਆਂ ਅਤੇ ਲੱਤਾਂ ਨੂੰ ਬੇੜੀਆਂ ਪਾ ਕੇ ਫ਼ੌਜੀ ਜਹਾਜ਼ ’ਚ ਬਿਠਾ ਕੇ ਅੰਮ੍ਰਿਤਸਰ ਏਅਰਪੋਰਟ ਵਾਪਸ ਲੈ ਆਏ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਨੂੰ ਪੁਲਸ ਨੂੰ ਸੌਂਪ ਦਿੱਤਾ।
ਉਨ੍ਹਾਂ ਦੱਸਿਆ ਕਿ ਉਹ ਲੱਖਾਂ ਰੁਪਏ ਖ਼ਰਚ ਕਰਕੇ ਅਮਰੀਕਾ ’ਚ ਚੰਗੇ ਭਵਿੱਖ ਦੀ ਆਸ ਲਈ ਗਏ ਸੀ ਪਰ ਸਭ ਵਿਅਰਥ ਹੋ ਗਿਆ। ਉਨ੍ਹਾਂ ਭਾਵੁਕ ਹੁੰਦੇ ਦੱਸਿਆ ਕਿ ਵੱਖ ਵੱਖ ਦੇਸ਼ਾਂ ’ਚੋਂ ਦੀ ਹੁੰਦਾ ਹੋਇਆ ਕੁੱਝ ਮਹੀਨੇ ਪਹਿਲਾਂ ਅਮਰੀਕੀ ਕੈਂਪ ’ਚ ਦਾਖ਼ਲ ਹੋਇਆ। ਅਮਰੀਕੀ ਕੈਂਪ ’ਚ ਵੀ ਹਾਲਾਤ ਮਾੜੇ ਸਨ, ਉਥੇ ਵੀ ਉਸ ਨਾਲ ਤਸ਼ੱਦਦ ਕੀਤਾ ਜਾਂਦਾ ਸੀ। ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਪਰਿਵਾਰ ਮੁੜ ਵਸੇਬਾ ਕਰ ਸਕੇ।