ਨੈਸ਼ਨਲ ਟਾਈਮਜ਼ ਬਿਊਰੋ :- ਸੰਗਰੂਰ ਦੀ ਧੀ ਮਹਿਕ ਗੁਪਤਾ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹਿਮਾਚਲ ਪ੍ਰਦੇਸ਼ ਜੂਡੀਸ਼ੀਅਲ ਸਰਵਿਸ ਪ੍ਰੀਖਿਆ ਵਿੱਚ ਚੌਥਾ ਸਥਾਨ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਸੰਗਰੂਰ ਅਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਮਹਿਕ ਨੇ ਦੱਸਿਆ ਕਿ ਉਸਨੇ ਇਹ ਸਫਲਤਾ ਕਠੋਰ ਮਿਹਨਤ ਨਾਲ ਹਾਸਲ ਕੀਤੀ ਹੈ। ਉਹ ਹਰ ਰੋਜ਼ 10 ਤੋਂ 12 ਘੰਟੇ ਪੜ੍ਹਾਈ ਕਰਦੀ ਸੀ ਅਤੇ ਵਧੀਆ ਧਿਆਨ ਲਈ ਲਾਇਬ੍ਰੇਰੀ ਵਿੱਚ ਜਾ ਕੇ ਤਿਆਰੀ ਕਰਦੀ ਸੀ। ਉਸਨੇ ਕਿਹਾ ਕਿ ਉਸਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਵੱਲੋਂ ਮਿਲੇ ਮੋਟੀਵੇਸ਼ਨ ਨੇ ਉਸਨੂੰ ਹਮੇਸ਼ਾ ਹੌਸਲਾ ਦਿੱਤਾ। ਮਹਿਕ ਨੇ ਪਹਿਲਾਂ ਦੋ ਵਾਰ ਪੰਜਾਬ ਅਤੇ ਹਰਿਆਣਾ ਦੀ ਜੁਡੀਸ਼ੀਅਲ ਪ੍ਰੀਖਿਆ ਦਿੱਤੀ ਸੀ ਪਰ ਕਾਮਯਾਬ ਨਹੀਂ ਹੋ ਸਕੀ ਸੀ। ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਮਿਹਨਤ ਜਾਰੀ ਰੱਖੀ, ਜਿਸਦਾ ਨਤੀਜਾ ਅਖ਼ੀਰਕਾਰ ਸਫਲਤਾ ਦੇ ਰੂਪ ਵਿੱਚ ਮਿਲਿਆ।
ਮਹਿਕ ਨੇ ਦੱਸਿਆ ਕਿ ਉਸਦੇ ਪਿਤਾ ਜੀ ਦਾ ਸੁਪਨਾ ਸੀ ਕਿ ਉਹਦੀ ਧੀ ਜੱਜ ਬਣੇ, ਅਤੇ ਅੱਜ ਉਸਨੇ ਉਹ ਸੁਪਨਾ ਪੂਰਾ ਕਰ ਦਿੱਤਾ ਹੈ। “ਜਦੋਂ ਮੈਂ ਸੱਤਵੀਂ ਕਲਾਸ ਵਿੱਚ ਸੀ, ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਉਹ ਮੈਨੂੰ ਜੱਜ ਬਣਾਉਣਾ ਚਾਹੁੰਦੇ ਹਨ। ਅੱਜ ਉਹ ਸੁਪਨਾ ਸੱਚ ਹੋ ਗਿਆ,” ਮਹਿਕ ਨੇ ਖੁਸ਼ੀ ਭਰੇ ਸ਼ਬਦਾਂ ਵਿੱਚ ਕਿਹਾ।
ਮਹਿਕ ਦੀ ਮਾਤਾ ਜੀ ਨੇ ਵੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਹਨਾਂ ਦੀ ਧੀ ਨੇ ਸੰਗਰੂਰ ਹੀ ਨਹੀਂ, ਸਗੋਂ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ। ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਵਧਾਈਆਂ ਦੇ ਫੋਨ ਲਗਾਤਾਰ ਆ ਰਹੇ ਹਨ।
ਮਹਿਕ ਗੁਪਤਾ ਨੇ ਦੱਸਿਆ ਕਿ ਹੁਣ ਉਸਦੀ ਇੱਕ ਸਾਲ ਦੀ ਟ੍ਰੇਨਿੰਗ ਹੋਵੇਗੀ, ਜਿਸ ਤੋਂ ਬਾਅਦ ਉਹ ਜੱਜ ਦੀ ਕੁਰਸੀ ‘ਤੇ ਬੈਠ ਕੇ ਨਿਆਂ ਪ੍ਰਣਾਲੀ ਦਾ ਹਿੱਸਾ ਬਣੇਗੀ।
